ਮੋਗਾ ਵਿਚ ਕੂੜੇ ਦੇ ਢੇਰਾਂ ਖ਼ਿਲਾਫ਼ ਭਾਜਪਾ ਦਾ ਰੋਸ, ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਸ਼ਹਿਰ ਵਿਚ ਸਫ਼ਾਈ ਵਿਵਸਥਾ ਦੀ
Publish Date: Tue, 10 Nov 2026 05:47 PM (IST)
Updated Date: Wed, 11 Nov 2026 04:01 AM (IST)
ਸਕੂਲੀ ਬੱਚੇ ਅਤੇ ਸਥਾਨਕ ਵਸਨੀਕ ਬਦਬੂਦਾਰ ਮਾਹੌਲ ਵਿਚੋਂ ਲੰਘਣ ਲਈ ਮਜਬੂਰ, ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਕੋਈ ਹੱਲ ਨਹੀਂ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਸ਼ਹਿਰ ਵਿਚ ਸਫ਼ਾਈ ਵਿਵਸਥਾ ਦੀ ਬਦਤਰ ਹਾਲਤ ਹੁਣ ਮੁੱਖ ਸੜਕਾਂ ਤੋਂ ਨਿਕਲ ਕੇ ਛੋਟੀਆਂ-ਛੋਟੀਆਂ ਗਲੀਆਂ ਤੱਕ ਪਹੁੰਚ ਗਈ ਹੈ। ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਅਤੇ ਉਨ੍ਹਾਂ ਵਿੱਚੋਂ ਉੱਠਦੀ ਬਦਬੂ ਦੇ ਖ਼ਿਲਾਫ਼ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਦਾ ਗੁੱਸਾ ਬਸਤੀ ਗੋਬਿੰਦਗੜ੍ਹ ਵਿਖੇ ਫੁੱਟ ਪਿਆ। ਭਾਜਪਾ ਆਗੂਆਂ ਅਤੇ ਸਾਥੀਆਂ ਨੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਰਕਲ ਪ੍ਰਧਾਨ ਸੰਜੀਵ ਸੋਨੂੰ ਸ਼ਰਮਾ ਦੀ ਅਗਵਾਈ ਹੇਠ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਨਗਰ ਨਿਗਮ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟਾਇਆ। ਇਸ ਮੌਕੇ ਮਨਿੰਦਰ ਕੌਰ, ਕਮਲਜੀਤ ਕੌਰ, ਮਨਜੀਤ ਬੁੱਟਰ, ਰੁਦਰ ਸ਼ਰਮਾ, ਨਵੀਨ ਕੋਹਲੀ, ਕ੍ਰਿਸ਼ਨ ਸੈਣੀ, ਸਤਿੰਦਰਪ੍ਰੀਤ ਸਿੰਘ, ਹਰਮਨ ਸਿੰਘ, ਨਿਰਮਲ ਸਿੰਘ, ਗੁਰਚਰਨ ਗਾਨੂ, ਹਰਦੀਪ ਦੀਪੀ, ਰੋਹਿਤ ਬਾਂਸਲ, ਕੰਵਰਦੀਪ ਸਿੰਘ, ਜਸਪਾਲ ਹੈਪੀ, ਹਰਪ੍ਰੀਤ ਸਿੰਘ, ਲੱਡੂ, ਗੁਰਪ੍ਰੀਤ ਸਿੰਘ ਅਤੇ ਮਨੀ ਸਮੇਤ ਹੋਰ ਭਾਜਪਾ ਸਾਥੀ ਹਾਜ਼ਰ ਸਨ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਗਲੋਰੀਅਸ ਸਕੂਲ ਦੇ ਬਿਲਕੁਲ ਨੇੜੇ ਮੁੱਖ ਸੜਕ ਉੱਤੇ ਲੰਬੇ ਸਮੇਂ ਤੋਂ ਕੂੜੇ ਦਾ ਵੱਡਾ ਢੇਰ ਲੱਗਿਆ ਹੋਇਆ ਹੈ। ਇਹ ਰਸਤਾ ਨਾ ਸਿਰਫ਼ ਗਲੋਰੀਅਸ ਸਕੂਲ, ਸਗੋਂ ਸੈਕਰਡ ਹਾਰਟ ਸਕੂਲ ਜਾਣ ਵਾਲੇ ਹਜ਼ਾਰਾਂ ਬੱਚਿਆਂ ਦੀ ਆਵਾਜਾਈ ਦਾ ਵੀ ਪ੍ਰਮੁੱਖ ਰਸਤਾ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 4 ਅਤੇ 5 ਦੇ ਵਸਨੀਕ, ਖ਼ਾਸ ਕਰਕੇ ਨਿੰਬੂ ਵਾਲੀ ਗਲੀ ਅਤੇ ਬਸਤੀ ਗੋਬਿੰਦਗੜ੍ਹ ਦੇ ਲੋਕ ਵੀ ਰੋਜ਼ਾਨਾ ਇਸੇ ਰਸਤੇ ਤੋਂ ਲੰਘਣ ਲਈ ਮਜ਼ਬੂਰ ਹਨ। ਸਭ ਤੋਂ ਚਿੰਤਾਜਨਕ ਸਥਿਤੀ ਛੋਟੇ-ਛੋਟੇ ਮਾਸੂਮ ਬੱਚਿਆਂ ਦੀ ਹੈ, ਜਿਨ੍ਹਾਂ ਨੂੰ ਹਰ ਰੋਜ਼ ਕੂੜੇ ਦੇ ਢੇਰਾਂ ਵਿੱਚੋਂ ਉੱਠਦੀ ਤੇਜ਼ ਬਦਬੂ ਦੇ ਵਿਚਕਾਰੋਂ ਲੰਘ ਕੇ ਸਕੂਲ ਜਾਣਾ ਪੈਂਦਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਾ ਤਾਂ ਇਲਾਕੇ ਦੇ ਕੌਂਸਲਰ ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇ ਰਹੇ ਹਨ ਅਤੇ ਨਾ ਹੀ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਕੋਈ ਕਦਮ ਚੁੱਕਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਚਿੰਤਾ ਪ੍ਰਗਟਾਈ ਕਿ ਗੰਦਗੀ ਅਤੇ ਬਦਬੂ ਕਾਰਨ ਬੱਚਿਆਂ ਦੀ ਸਿਹਤ ਉੱਤੇ ਮਾੜਾ ਅਸਰ ਪੈ ਰਿਹਾ ਹੈ। ਸਥਾਨਕ ਲੋਕਾਂ ਅਨੁਸਾਰ ਇਲਾਕੇ ਵਿਚ ਕਈ ਬੱਚੇ ਬਿਮਾਰ ਵੀ ਹੋ ਚੁੱਕੇ ਹਨ। ਇਸ ਦੇ ਬਾਵਜੂਦ ਸਫ਼ਾਈ ਵਿਵਸਥਾ ਵਿਚ ਸੁਧਾਰ ਨਾ ਹੋਣਾ ਨਗਰ ਨਿਗਮ ਦੀ ਕਾਰਜਪ੍ਰਣਾਲੀ ਉੱਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਸਕੂਲਾਂ ਦੇ ਆਲੇ-ਦੁਆਲੇ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਲੱਗੇ ਕੂੜੇ ਦੇ ਢੇਰਾਂ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਇਲਾਕੇ ਵਿਚ ਨਿਯਮਤ ਸਫ਼ਾਈ ਯਕੀਨੀ ਬਣਾਈ ਜਾਵੇ ਤਾਂ ਜੋ ਸਕੂਲੀ ਬੱਚਿਆਂ ਅਤੇ ਸਥਾਨਕ ਵਸਨੀਕਾਂ ਨੂੰ ਇਸ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ। ਭਾਜਪਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਪ੍ਰਸ਼ਾਸਨ ਨੇ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਲੋਕ ਹਿੱਤ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।