ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਸਮਾਗਮ ਕਰਵਾਇਆ ਹੋਲੀ ਹਾਰਟ ਸਕੂਲ ਅਜੀਤਵਾਲ
Publish Date: Sun, 18 Oct 2026 04:10 PM (IST)
Updated Date: Sun, 18 Oct 2026 04:12 PM (IST)
ਅਵਤਾਰ ਸਿੰਘ ਪੰਜਾਬੀ ਜਾਗਰਣ ਅਜੀਤਵਾਲ: ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਵਾਤਾਵਰਨ ਦੀ ਸੰਭਾਲ ਅਤੇ ਚੌਗਿਰਦੇ ਨੂੰ ਹਰਾ-ਭਰਾ ਰੱਖਣ ਦੇ ਮਕਸਦ ਨਾਲ ਇਕ ਵਿਸ਼ੇਸ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇਹ ਸਮਝਾਉਣਾ ਸੀ ਕਿ ਪੰਛੀ ਵੀ ਸਾਡੇ ਵਾਤਾਵਰਨ ਦਾ ਇਕ ਬਹੁਤ ਹੀ ਮਹੱਤਵਪੂਰਨ ਅਤੇ ਅਨਿੱਖੜਵਾਂ ਅੰਗ ਹਨ। ਸਮਾਗਮ ਦੀ ਸ਼ੁਰੂਆਤ ਸਕੂਲ ਦੀ ਸਵੇਰ ਦੀ ਸਭਾ ਨਾਲ ਹੋਈ, ਜਿੱਥੇ ਵਿਦਿਆਰਥੀਆਂ ਨੇ ਵਾਤਾਵਰਨ ਅਤੇ ਪੰਛੀਆਂ ਦੀ ਸੁਰੱਖਿਆ ਨਾਲ ਸੰਬੰਧਿਤ ਚਾਰਟ, ਪੋਸਟਰ ਅਤੇ ਸੁੰਦਰ ਮਾਡਲ ਪ੍ਰਦਰਸ਼ਿਤ ਕੀਤੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼ਾਕਸ਼ੀ ਗੁਲੇਰੀਆ ਜੀ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਿਸ ਤਰ੍ਹਾਂ ਹਵਾ, ਪਾਣੀ ਅਤੇ ਰੁੱਖ ਸਾਡੇ ਜੀਵਨ ਲਈ ਜ਼ਰੂਰੀ ਹਨ, ਉੱਥੇ ਹੀ ਪੰਛੀ ਵੀ ਕੁਦਰਤ ਦੇ ਸੰਤੁਲਨ ਨੂੰ ਬਣਾਏ ਰੱਖਣ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਅਧਿਆਪਕਾਂ ਨੇ ਦੱਸਿਆ ਕਿ ਪੰਛੀ ਬੀਜਾਂ ਦੇ ਪ੍ਰਸਾਰ ਵਿਚ ਮਦਦ ਕਰਦੇ ਹਨ, ਜਿਸ ਨਾਲ ਨਵੇਂ ਰੁੱਖ-ਪੌਦੇ ਉੱਗਦੇ ਹਨ ਅਤੇ ਜੰਗਲਾਤ ਦਾ ਵਿਕਾਸ ਹੁੰਦਾ ਹੈ। ਇਸ ਤੋਂ ਇਲਾਵਾ, ਪੰਛੀ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜਿਆਂ ਨੂੰ ਖਾ ਕੇ ਕੁਦਰਤੀ ਤੌਰ ਤੇ ਫਸਲਾਂ ਦੀ ਰਾਖੀ ਕਰਦੇ ਹਨ। ਸਮਾਗਮ ਦੌਰਾਨ ਵਿਦਿਆਰਥੀਆਂ ਦੁਆਰਾ ਪੰਛੀਆਂ ਦੀਆਂ ਘਟਦੀਆਂ ਜਾਤੀਆਂ ਅਤੇ ਪ੍ਰਦੂਸ਼ਣ ਦੇ ਉਨ੍ਹਾਂ ਤੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਇਕ ਲਘੂ ਨਾਟਕ ਵੀ ਪੇਸ਼ ਕੀਤਾ ਗਿਆ। ਬੱਚਿਆਂ ਨੇ ਸੁਨੇਹਾ ਦਿੱਤਾ ਕਿ ਮਨੁੱਖੀ ਗਤੀਵਿਧੀਆਂ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਮੋਬਾਈਲ ਟਾਵਰਾਂ ਦੀਆਂ ਤਰੰਗਾਂ ਕਾਰਨ ਅੱਜ ਬਹੁਤ ਸਾਰੇ ਪੰਛੀ ਵਿਲੁਪਤ ਹੋਣ ਦੀ ਕਗਾਰ ਤੇ ਹਨ, ਜਿਨ੍ਹਾਂ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੈ। ਇਸ ਮੌਕੇ ਸਕੂਲ ਪ੍ਰਬੰਧਕ ਚੇਅਰਮੈਨ ਸ਼ੁਭਾਸ਼ ਪਲਤਾ ਜੀ ਅਤੇ ਡਾਇਰੈਕਟਰ ਅਮਿਤ ਪਲਤਾ, ਸ਼੍ਰੇਆ ਪਲਤਾ, ਸ਼ਿਵਾਨੀ ਅਰੋੜਾ ਅਤੇ ਰਮਨ ਅਰੋੜਾ ਜੀ ਵੱਲੋਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ ਘਰਾਂ ਦੀਆਂ ਛੱਤਾਂ, ਆਲੇ-ਦੁਆਲੇ ਅਤੇ ਸਕੂਲ ਦੇ ਵਿਹੜੇ ਵਿੱਚ ਪੰਛੀਆਂ ਲਈ ਦਾਣਾ-ਪਾਣੀ ਰੱਖਣ ਲਈ ਮਿੱਟੀ ਦੇ ਕਟੋਰੇ (ਪਰਿੰਡੇ) ਲਗਾਉਣ। ਬੱਚਿਆਂ ਨੇ ਉਤਸ਼ਾਹ ਨਾਲ ਸਪੁੰਨ ਲਿਆ ਕਿ ਉਹ ਆਪਣੇ ਜਨਮਦਿਨ ਅਤੇ ਹੋਰ ਖਾਸ ਮੌਕਿਆਂ ਤੇ ਪੌਦੇ ਲਗਾਉਣਗੇ ਅਤੇ ਪੰਛੀਆਂ ਦੀ ਦੇਖਭਾਲ ਕਰਨਗੇ। ਸਕੂਲ ਦੇ ਡਾਇਰੈਕਟਰ ਸ਼੍ਰੇਆ ਪਲਤਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਬੱਚਿਆਂ ਅੰਦਰ ਕੋਮਲ ਭਾਵਨਾਵਾਂ ਅਤੇ ਕੁਦਰਤ ਪ੍ਰਤੀ ਪ੍ਰੇਮ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਵਾਤਾਵਰਨ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਪੰਛੀਆਂ ਅਤੇ ਜੀਵ-ਜੰਤੂਆਂ ਦੀ ਰੱਖਿਆ ਕਰਨੀ ਹੀ ਪਵੇਗੀ। ਇਹ ਸਮਾਗਮ ਵਿਦਿਆਰਥੀਆਂ ਲਈ ਬਹੁਤ ਹੀ ਗਿਆਨਵਰਧਕ ਅਤੇ ਪ੍ਰੇਰਨਾਦਾਇਕ ਰਿਹਾ।