ਭਿੰਡਰ ਖੁਰਦ ਦੀ ਸਰਕਾਰੀ ਲਾਇਬ੍ਰੇਰੀ ਅਣਦੇਖੀ ਦਾ ਸ਼ਿਕਾਰ ਡਿਜ਼ੀਟਲ ਯੁੱਗ ਵਿਚ ਜਿੱਥੇ ਅੱਜ
Publish Date: Fri, 17 Jul 2026 04:17 PM (IST)
Updated Date: Sat, 18 Jul 2026 04:01 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ : ਡਿਜ਼ੀਟਲ ਯੁੱਗ ਵਿਚ ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਮੋਬਾਈਲ ਫੋਨਾਂ, ਸੋਸ਼ਲ ਮੀਡੀਆ ਅਤੇ ਇੰਟਰਨੈੱਟ ਨਾਲ ਜੁੜਦਾ ਜਾ ਰਿਹਾ ਹੈ, ਉੱਥੇ ਉਨ੍ਹਾਂ ਨੂੰ ਕਿਤਾਬਾਂ, ਸਾਹਿਤ, ਅਖ਼ਬਾਰਾਂ ਅਤੇ ਗਿਆਨ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਪਿੰਡ ਭਿੰਡਰ ਖੁਰਦ ਵਿਖੇ ਪਿਛਲੇ ਸਾਲ ਇਕ ਆਧੁਨਿਕ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਸੀ। ਉਸ ਵੇਲੇ ਇਸ ਲਾਇਬ੍ਰੇਰੀ ਨੂੰ ਇਲਾਕੇ ਦੇ ਵਿਦਿਆਰਥੀਆਂ, ਨੌਜਵਾਨਾਂ ਅਤੇ ਸਾਹਿਤ ਪ੍ਰੇਮੀਆਂ ਲਈ ਇਕ ਵੱਡੀ ਸੌਗਾਤ ਕਰਾਰ ਦਿੱਤਾ ਗਿਆ ਸੀ ਅਤੇ ਹਲਕਾ ਵਿਧਾਇਕ ਵੱਲੋਂ ਇਸ ਦਾ ਰਸਮੀ ਉਦਘਾਟਨ ਵੀ ਕੀਤਾ ਗਿਆ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਉਦਘਾਟਨ ਤੋਂ ਕੁੱਝ ਸਮੇਂ ਬਾਅਦ ਹੀ ਇਹ ਲਾਇਬ੍ਰੇਰੀ ਪ੍ਰਬੰਧਕੀ ਲਾਪਰਵਾਹੀ ਦੀ ਭੇਟ ਚੜ੍ਹ ਗਈ ਅਤੇ ਜੋ ਕਿ ਹੁਣ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਗਈ ਇਹ ਕੀਮਤੀ ਸਹੂਲਤ ਅੱਜ ਆਪਣਾ ਮਕਸਦ ਪੂਰਾ ਕਰਨ ਤੋਂ ਪਹਿਲਾਂ ਹੀ ਅਣਦੇਖੀ ਦਾ ਸ਼ਿਕਾਰ ਬਣ ਚੁੱਕੀ ਹੈ। ਲਾਇਬ੍ਰੇਰੀ ਨੂੰ ਨਿਯਮਤ ਤੌਰ ਤੇ ਨਾ ਤਾਂ ਖੋਲ੍ਹਿਆ ਜਾਂਦਾ ਹੈ ਅਤੇ ਨਾ ਹੀ ਇਸ ਦੀ ਸੰਭਾਲ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ। ਨਤੀਜੇ ਵਜੋਂ ਇਮਾਰਤ ਸੁੰਨੀ ਪਈ ਹੈ ਅਤੇ ਅੰਦਰ ਰੱਖੀਆਂ ਕੀਮਤੀ ਕਿਤਾਬਾਂ ਧੂੜ ਨਾਲ ਢੱਕਦੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਇਹ ਲਾਇਬ੍ਰੇਰੀ ਪਿੰਡ ਭਿੰਡਰ ਖੁਰਦ ਅਤੇ ਭਿੰਡਰ ਕਲਾਂ ਦੇ ਲੋਕਾਂ ਦੀ ਸਹੂਲਤ ਲਈ ਬਣਾਈ ਗਈ ਸੀ ਤਾਂ ਜੋ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣ, ਨੌਜਵਾਨ ਸਾਹਿਤ ਨਾਲ ਜੁੜ ਸਕਣ ਅਤੇ ਪਿੰਡ ਵਿਚ ਪੜ੍ਹਨ-ਲਿਖਣ ਦਾ ਮਾਹੌਲ ਤਿਆਰ ਹੋਵੇ। ਉਦਘਾਟਨ ਸਮੇਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਕਿ ਇਹ ਲਾਇਬ੍ਰੇਰੀ ਇਲਾਕੇ ਵਿਚ ਸਿੱਖਿਆ ਅਤੇ ਗਿਆਨ ਦੇ ਪ੍ਰਸਾਰ ਦਾ ਕੇਂਦਰ ਬਣੇਗੀ ਪਰ ਅੱਜ ਇਹ ਦਾਅਵੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ। ਪਿੰਡ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੜ੍ਹਾਈ ਲਈ ਸ਼ਾਂਤ ਅਤੇ ਉਚਿਤ ਮਾਹੌਲ ਦੀ ਲੋੜ ਹੁੰਦੀ ਹੈ ਪਰ ਲਾਇਬ੍ਰੇਰੀ ਬੰਦ ਹੋਣ ਕਾਰਨ ਉਹ ਇਸ ਸਹੂਲਤ ਤੋਂ ਵਾਂਝੇ ਹਨ। ਕਈ ਵਿਦਿਆਰਥੀ ਇੱਥੇ ਪੜ੍ਹਨ ਦੀ ਉਮੀਦ ਨਾਲ ਆਉਂਦੇ ਹਨ ਪਰ ਤਾਲੇ ਲੱਗੇ ਹੋਣ ਕਾਰਨ ਨਿਰਾਸ਼ ਹੋ ਕੇ ਵਾਪਸ ਪਰਤਣਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਲਾਇਬ੍ਰੇਰੀ ਨਿਯਮਤ ਤੌਰ ਤੇ ਚੱਲੇ ਤਾਂ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਸ਼ਹਿਰਾਂ ਦਾ ਰੁਖ ਨਹੀਂ ਕਰਨਾ ਪਵੇਗਾ। ਪਿੰਡ ਵਾਸੀਆਂ ਨੇ ਦੱਸਿਆ ਕਿ ਲਾਇਬ੍ਰੇਰੀ ਵਿਚ ਰੱਖੀਆਂ ਕਿਤਾਬਾਂ ਦੀ ਸੰਭਾਲ ਵੀ ਨਹੀਂ ਹੋ ਰਹੀ। ਸਾਫ਼-ਸਫ਼ਾਈ ਦੀ ਕਮੀ ਕਾਰਨ ਕਿਤਾਬਾਂ ਅਤੇ ਫਰਨੀਚਰ ਤੇ ਧੂੜ ਜਮ ਗਈ ਹੈ, ਜਿਸ ਨਾਲ ਸਰਕਾਰੀ ਧਨ ਨਾਲ ਬਣਾਈ ਗਈ ਇਹ ਸਹੂਲਤ ਹੌਲੀ-ਹੌਲੀ ਖ਼ਰਾਬ ਹੋਣ ਦੇ ਕਗਾਰ ’ਤੇ ਪਹੁੰਚ ਰਹੀ ਹੈ। ਪਿੰਡ ਦੇ ਮੋਹਤਬਰ ਲੋਕਾਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਲਾਇਬ੍ਰੇਰੀ ਨੂੰ ਤੁਰੰਤ ਨਿਯਮਤ ਤੌਰ ਤੇ ਚਾਲੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇੱਥੇ ਇਕ ਸਥਾਈ ਲਾਇਬ੍ਰੇਰੀ ਸਹਾਇਕ ਜਾਂ ਜ਼ਿੰਮੇਵਾਰ ਕਰਮਚਾਰੀ ਦੀ ਨਿਯੁਕਤੀ ਕੀਤੀ ਜਾਵੇ, ਜੋ ਹਰ ਰੋਜ਼ ਲਾਇਬ੍ਰੇਰੀ ਖੋਲ੍ਹਣ, ਕਿਤਾਬਾਂ ਦੀ ਸੰਭਾਲ ਕਰਨ ਅਤੇ ਪਾਠਕਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਏ। ਪਿੰਡ ਵਾਸੀਆਂ ਨੇ ਇਹ ਵੀ ਮੰਗ ਰੱਖੀ ਕਿ ਲਾਇਬ੍ਰੇਰੀ ਵਿਚ ਨਵੀਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਪ੍ਰਸਿੱਧ ਕਿਤਾਬਾਂ, ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸਬੰਧਤ ਪੁਸਤਕਾਂ, ਰੋਜ਼ਾਨਾ ਅਖ਼ਬਾਰਾਂ ਅਤੇ ਰਸਾਲਿਆਂ ਦੀ ਨਿਯਮਤ ਵਿਵਸਥਾ ਕੀਤੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਆਧੁਨਿਕ ਅਤੇ ਲੋੜੀਂਦੀ ਜਾਣਕਾਰੀ ਇਕੋ ਥਾਂ ਉਪਲਬਧ ਹੋ ਸਕੇ। ਪਿੰਡ ਵਾਸੀਆਂ ਨੇ ਜਤਾਈ ਉਮੀਦ ਪਿੰਡ ਵਾਸੀਆਂ ਨੇ ਉਮੀਦ ਜਤਾਈ ਹੈ ਕਿ ਪੰਜਾਬ ਸਰਕਾਰ ਅਤੇ ਸਬੰਧਤ ਅਧਿਕਾਰੀ ਇਸ ਗੰਭੀਰ ਮਸਲੇ ਵੱਲ ਤੁਰੰਤ ਧਿਆਨ ਦੇਣਗੇ ਅਤੇ ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਲਾਇਬ੍ਰੇਰੀ ਨੂੰ ਮੁੜ ਨਿਯਮਤ ਤੌਰ ਤੇ ਚਾਲੂ ਕਰਕੇ ਇਸ ਦਾ ਅਸਲ ਮਕਸਦ ਪੂਰਾ ਕਰਨਗੇ, ਤਾਂ ਜੋ ਭਿੰਡਰ ਖੁਰਦ ਅਤੇ ਭਿੰਡਰ ਕਲਾਂ ਦੇ ਵਿਦਿਆਰਥੀ, ਨੌਜਵਾਨ ਅਤੇ ਸਾਹਿਤ ਪ੍ਰੇਮੀ ਇਸ ਸਹੂਲਤ ਦਾ ਭਰਪੂਰ ਲਾਭ ਲੈ ਸਕਣ।