ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਥਾਣੇ ਮੂਹਰੇ ਧਰਨਾ, ਕੀਤੀ ਨਾਅਰੇਬਾਜ਼ੀ ਭਾਰਤੀ ਕਿਸਾਨ ਯੂਨੀਅਨ ਏਕਤਾ
Publish Date: Wed, 28 Oct 2026 05:41 PM (IST)
Updated Date: Thu, 29 Oct 2026 04:02 AM (IST)
ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ, ਬੱਧਨੀ ਕਲਾਂ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੁਲਿਸ ਥਾਣੇ ਮੂਹਰੇ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਮੋਰਚਾ ਚੱਲ ਰਿਹਾ ਹੈ, ਉਸ ਮੋਰਚੇ ਤੋਂ ਕਰੀਬ 17-18 ਕਿਲੋਮੀਟਰ ਦੂਰ ਪੈਂਦੇ ਭੰਮੇ ਕਲਾਂ ਪਿੰਡ ਦੇ ਇਕ 35 ਸਾਲਾ ਨੌਜਵਾਨ ਦੀ ਚਿੱਟੇ ਦੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਤੋਂ ਬਾਅਦ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਉੱਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਬੇਤਹਾਸ਼ਾ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ। ਇਸ ਦੌਰਾਨ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਐਕਸ਼ਨ ਕਮੇਟੀ ਦੇ ਆਗੂ ਉਕਤ ਨੌਜਵਾਨ ਦੀ ਮੌਤ ’ਤੇ ਦੁੱਖ ਪ੍ਰਗਟ ਕਰਨ ਅਤੇ ਪਰਿਵਾਰ ਨਾਲ ਹਮਦਰਦੀ ਸਾਂਝੀ ਕਰਨ ਲਈ ਪਿੰਡ ਗਏ ਸਨ। ਇਸ ਤੋਂ ਬਾਅਦ ਪਰਿਵਾਰ ਨੇ ਫ਼ੈਸਲਾ ਕੀਤਾ ਕਿ ਨੌਜਵਾਨ ਦੀ ਲਾਸ਼ ਨੂੰ ਮਾਨਸਾ ਮੋਰਚੇ ਵਿਚ ਲਿਜਾ ਕੇ ਨਸ਼ਿਆਂ ਦੇ ਕਹਿਰ ਅਤੇ ਸਰਕਾਰੀ ਪ੍ਰਬੰਧ ਦੀ ਨਾਕਾਮੀ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇਗੀ। ਜਦੋਂ ਪਰਿਵਾਰ ਅਤੇ ਪਿੰਡ ਵਾਸੀ ਲਾਸ਼ ਲੈ ਕੇ ਮਾਨਸਾ ਮੋਰਚੇ ਵੱਲ ਜਾ ਰਹੇ ਸਨ ਤਾਂ ਰਸਤੇ ਵਿਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਉੱਪਰ ਲਾਠੀਚਾਰਜ ਕੀਤਾ ਗਿਆ ਅਤੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਲਿਆ। ਇਸ ਦੌਰਾਨ ਲਾਸ਼ ਲੈ ਕੇ ਆ ਰਹੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਆਗੂਆਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਜੰਗ ਜਿੱਤਣ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਚਿੱਟੇ ਦੇ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਇਸ ਘਟਨਾ ਲਈ ਜਿਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ਼ ਜਾਂਚ ਕਰਕੇ ਸਖ਼ਤ ਕਰਵਾਈ ਕੀਤੀ ਜਾਵੇ ਅਤੇ ਗ੍ਰਿਫ਼ਤਾਰ ਕੀਤੇ ਗਏ ਸਾਰੇ ਆਗੂਆਂ ਤੇ ਕਾਰਕੁੰਨਾਂ ਨੂੰ ਬਿਨ੍ਹਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਜਗਰਾਜ ਸਿੰਘ ਕੁੱਸਾ, ਬਲਵਿੰਦਰ ਸਿੰਘ, ਗੁਰਚਰਨ ਸਿੰਘ ਰਾਮਾ, ਜਗਜੀਤ ਸਿੰਘ ਪ੍ਰਧਾਨ, ਕਰਤਾਰ ਸਿੰਘ ਰਾਮਾ, ਕੇਵਲ ਕ੍ਰਿਸ਼ਨ, ਹਰਜਿੰਦਰ ਸਿੰਘ, ਭਜਨ ਸਿੰਘ ਮੀਨੀਆਂ, ਗਿਆਨ ਸਿੰਘ ਮੱਲੇਆਣਾ, ਚਰਨੀ ਗਿੱਲ, ਨਛੱਤਰ ਸਿੰਘ ਗਿੱਲ, ਬੂਟਾ ਸਿੰਘ ਆਦਿ ਸਮੇਤ ਹੋਰ ਵੀ ਹਾਜਰ ਸਨ।