ਕੋਆਪ੍ਰੇਟਿਵ ਬੈਂਕ ਮੋਗਾ ਅੱਗੇ ਧਰਨੇ ਦੀ ਕੀਤੀ ਤਿਆਰੀ ਭਾਰਤੀ ਕਿਸਾਨ ਯੂਨੀਅਨ ਏਕਤਾ
Publish Date: Thu, 23 Jul 2026 04:36 PM (IST)
Updated Date: Fri, 24 Jul 2026 04:02 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਮੋਗਾ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜਥੇਬੰਦੀ ਨੇ ਫ਼ੈਸਲਾ ਕੀਤਾ ਕਿ ਜੇਕਰ ਕੋਆਪਰੇਟਿਵ ਬੈਂਕ ਮੋਗਾ ਵੱਲੋਂ ਜਥੇਬੰਦੀ ਦੇ ਨਾਮ ਤੇ ਖਾਤਾ ਖੋਲ੍ਹਣ ’ਚ ਕੀਤੀ ਜਾ ਰਹੀ ਟਾਲਮਟੋਲ ਨੂੰ ਤੁਰੰਤ ਖ਼ਤਮ ਨਾ ਕੀਤਾ ਗਿਆ ਤਾਂ 27 ਜੁਲਾਈ 2026 ਨੂੰ ਕੋਆਪਰੇਟਿਵ ਬੈਂਕ ਮੋਗਾ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ 13 ਜੂਨ 2026 ਨੂੰ ਕੋਆਪਰੇਟਿਵ ਬੈਂਕ ਮੋਗਾ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ ਸੀ। ਉਸ ਸਮੇਂ ਬੈਂਕ ਦੇ ਜ਼ਿਲ੍ਹਾ ਮੈਨੇਜਰ ਨੇ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਗੱਲਬਾਤ ਲਈ ਸੱਦਿਆ ਸੀ। ਗੱਲਬਾਤ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਸੀ ਕਿ ਪੰਜਾਬ ਭਰ ਦੇ ਵੱਖ-ਵੱਖ ਸਰਕਾਰੀ ਬੈਂਕਾਂ ਵਿਚ ਭਾਰਤ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨਾਮ ’ਤੇ ਹਜ਼ਾਰਾਂ ਖਾਤੇ ਪਹਿਲਾਂ ਤੋਂ ਚੱਲ ਰਹੇ ਹਨ, ਇਸ ਲਈ ਮੋਗਾ ਵਿਚ ਵੀ ਜਥੇਬੰਦੀ ਦਾ ਖਾਤਾ ਖੋਲ੍ਹਣ ਵਿਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਆਗੂਆਂ ਨੇ ਦੱਸਿਆ ਕਿ ਉਸ ਵੇਲੇ ਜ਼ਿਲ੍ਹਾ ਮੈਨੇਜਰ ਨੇ ਭਰੋਸਾ ਦਿੱਤਾ ਸੀ ਕਿ ਲੋੜੀਂਦੇ ਦਸਤਾਵੇਜ਼ ਪੂਰੇ ਕਰਨ ਤੋਂ ਬਾਅਦ 14 ਜੁਲਾਈ ਤੱਕ ਜਥੇਬੰਦੀ ਦੇ ਨਾਮ ’ਤੇ ਖਾਤਾ ਖੋਲ੍ਹ ਦਿੱਤਾ ਜਾਵੇਗਾ ਅਤੇ ਪਾਸਬੁੱਕ ਵੀ ਦੇ ਦਿੱਤੀ ਜਾਵੇਗੀ ਪਰ ਜਦੋਂ ਜਥੇਬੰਦੀ ਦੇ ਨੁਮਾਇੰਦੇ ਪਾਸਬੁੱਕ ਲੈਣ ਪਹੁੰਚੇ ਤਾਂ ਸਥਾਨਕ ਮੈਨੇਜਰ ਨੇ ਵੱਖ-ਵੱਖ ਬਹਾਨੇ ਬਣਾਉਂਦਿਆਂ ਖਾਤਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ 18 ਜੁਲਾਈ 2026 ਨੂੰ ਜਥੇਬੰਦੀ ਦੇ ਆਗੂਆਂ ਨੇ ਮੁੜ ਜ਼ਿਲ੍ਹਾ ਮੈਨੇਜਰ ਨਾਲ ਗੱਲਬਾਤ ਕੀਤੀ, ਜਿਸ ਵਿਚ ਬੈਂਕ ਦੇ ਚਾਰ ਮੁਲਾਜ਼ਮ ਵੀ ਮੌਜੂਦ ਸਨ। ਉਸ ਸਮੇਂ ਬੈਂਕ ਮੁਲਾਜ਼ਮਾਂ ਦੀ ਪੈਨ ਡਾਊਨ ਹੜਤਾਲ ਚੱਲ ਰਹੀ ਸੀ। ਜ਼ਿਲ੍ਹਾ ਮੈਨੇਜਰ ਨੇ ਹੜਤਾਲ ਦਾ ਹਵਾਲਾ ਦਿੰਦਿਆਂ ਭਰੋਸਾ ਦਿੱਤਾ ਕਿ 22 ਜੁਲਾਈ ਤੱਕ ਖਾਤਾ ਖੋਲ੍ਹ ਦਿੱਤਾ ਜਾਵੇਗਾ ਅਤੇ ਜਥੇਬੰਦੀ ਪਾਸਬੁੱਕ ਪ੍ਰਾਪਤ ਕਰ ਸਕੇਗੀ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ 21 ਜੁਲਾਈ ਨੂੰ ਫੋਨ ਰਾਹੀਂ ਜ਼ਿਲ੍ਹਾ ਮੈਨੇਜਰ ਅਤੇ ਸਥਾਨਕ ਮੈਨੇਜਰ ਨੂੰ ਉਨ੍ਹਾਂ ਦਾ ਕੀਤਾ ਵਾਅਦਾ ਯਾਦ ਕਰਵਾਇਆ ਗਿਆ ਪਰ ਦੋਹਾਂ ਅਧਿਕਾਰੀਆਂ ਨੇ ਖ਼ਾਤਾ ਖੋਲ੍ਹਣ ਤੋਂ ਮੁੜ ਇਨਕਾਰ ਕਰ ਦਿੱਤਾ। ਆਗੂਆਂ ਨੇ ਦੋਸ਼ ਲਾਇਆ ਕਿ ਬੈਂਕ ਪ੍ਰਬੰਧਨ ਜਥੇਬੰਦੀ ਦੇ ਨਾਮ ਤੇ ਖਾਤਾ ਖੋਲ੍ਹਣ ਦੀ ਬਜਾਏ ਹਰ ਵਾਰ ਨਵੇਂ-ਨਵੇਂ ਬਹਾਨੇ ਬਣਾ ਕੇ ਮਾਮਲੇ ਨੂੰ ਲਟਕਾ ਰਿਹਾ ਹੈ, ਜਦਕਿ ਪੰਜਾਬ ਦੇ ਹਜ਼ਾਰਾਂ ਸਰਕਾਰੀ ਬੈਂਕਾਂ ਵਿੱਚ ਜਥੇਬੰਦੀ ਦੇ ਨਾਮ ਤੇ ਖਾਤੇ ਪਹਿਲਾਂ ਹੀ ਚੱਲ ਰਹੇ ਹਨ। ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜੇਕਰ ਬੈਂਕ ਪ੍ਰਬੰਧਨ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ 27 ਜੁਲਾਈ 2026 ਨੂੰ ਕੋਆਪਰੇਟਿਵ ਬੈਂਕ ਮੋਗਾ ਦੇ ਦਫ਼ਤਰ ਸਾਹਮਣੇ ਵੱਡਾ ਧਰਨਾ ਅਤੇ ਰੋਸ ਪ੍ਰਦਰਸ਼ਨ ਕਰਕੇ ਬੈਂਕ ਪ੍ਰਬੰਧਨ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿਚ ਜੰਗੀਰ ਸਿੰਘ ਹਿੰਮਤਪੁਰਾ, ਗੁਰਮੀਤ ਸਿੰਘ ਕਿਸ਼ਨਪੁਰਾ, ਇਕਬਾਲ ਸਿੰਘ ਸਿੰਘਾਂਵਾਲਾ, ਗੁਰਚਰਨ ਸਿੰਘ ਰਾਮਾ, ਗੁਰਦੇਵ ਸਿੰਘ ਕਿਸ਼ਨਪੁਰਾ, ਨਛੱਤਰ ਸਿੰਘ ਝੰਡੇਵਾਲਾ, ਬਲਜੀਤ ਸਿੰਘ ਸੁਖਾਨੰਦ, ਬੂਟਾ ਸਿੰਘ ਭਾਗੀਕੇ, ਗੁਰਦੇਵ ਸਿੰਘ ਵਰੇਂ, ਕੇਵਲ ਕ੍ਰਿਸ਼ਨ ਬੱਧਨੀ, ਕੁਲਦੀਪ ਕੌਰ ਕੁੱਸਾ ਅਤੇ ਕਰਮਜੀਤ ਕੌਰ ਹਿੰਮਤਪੁਰਾ ਸਮੇਤ ਹੋਰ ਆਗੂ ਹਾਜ਼ਰ ਸਨ।