
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਿਵਿਆ ਜਯੋਤੀ ਜਾਗਰਤੀ

ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਮੋਗਾ : ਦਿਵਿਆ ਜਯੋਤੀ ਜਾਗਰਤੀ ਸੰਸਥਾਨ ਦੁਆਰਾ ਸਥਿਤ ਮੋਗਾ ਆਸ਼ਰਮ ਵਿਚ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਭਜਨ ਕੀਰਤਨ ਅਤੇ ਅਧਿਆਤਮਿਕ ਸਤਿਸੰਗ ਦਾ ਆਯੋਜਨ ਸ਼ਰਧਾ ਦੇ ਨਾਲ ਕੀਤਾ ਗਿਆ। ਕਾਰਜਕਰਮ ਦਾ ਸ਼ੁਭ ਆਰੰਭ ਗੁਰੂ ਚਰਨਾਂ ਵਿਚ ਮੰਗਲ ਵੰਦਨਾ ਅਤੇ ਮਧੁਰ ਭਜਨ ਕੀਰਤਨ ਦੇ ਨਾਲ ਹੋਇਆ। ਸਾਧਵੀ ਸ਼ਿਪਰਾ ਭਾਰਤੀ ਨੇ ਸੁਮਧੁਰ ਭਜਨਾਂ ਦਾ ਗਾਇਨ ਕਰਕੇ ਉਪਸਥਿਤ ਭਗਤਾਂ ਨੂੰ ਭਗਤੀ ਰਸ ਦੇ ਨਾਲ ਭਰਪੂਰ ਕਰ ਦਿੱਤਾ। ਰੱਖੜੀ ਦੇ ਤਿਉਹਾਰ ਤੇ ਅਧਿਆਤਮਿਕ ਮਹੱਤਵ ਤੇ ਪ੍ਰਕਾਸ਼ ਪਾਉਂਦੇ ਹੋਏ ਸਾਧਵੀ ਜਗਦੀਪਾ ਭਾਰਤੀ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਕੇਵਲ ਭਰਾ-ਭੈਣ ਦੇ ਪ੍ਰੇਮ ਅਤੇ ਸਨੇਹ ਦਾ ਤਿਉਹਾਰ ਹੀ ਨਹੀਂ, ਬਲਕਿ ਇਹ ਸਾਨੂੰ ਉਸ ਪਰਮ ਸੱਤਾ ਦੇ ਨਾਲ ਆਪਣੇ ਸਬੰਧ ਨੂੰ ਪਹਿਚਾਨਣ ਦੀ ਪ੍ਰੇਰਨਾ ਵੀ ਦਿੰਦੀ ਹੈ, ਜੋ ਹਰ ਵੇਲੇ ਸਾਡੀ ਰੱਖਿਆ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸੰਸਾਰ ਵਿਚ ਪਰਿਸਥਿਤੀਆਂ ਚਾਹੇ ਜਿਵੇਂ ਮਰਜ਼ੀ ਦੀ ਹੋਵੇ, ਵਾਸਤਵ ਵਿਚ ਸੱਚਾ ਰੱਖਿਅਕ ਤਾਂ ਪਰਮਾਤਮਾ ਹੀ ਹੈ। ਜਦੋਂ ਮਨੁੱਖ ਪਰਮਾਤਮਾ ਦੀ ਸ਼ਰਨ ਵਿਚ ਜਾ ਕੇ ਭਗਤੀ ਦਾ ਮਾਰਗ ਅਪਣਾਉਂਦਾ ਹੈ, ਉਦੋਂ ਉਸਦੇ ਜੀਵਨ ਨੂੰ ਅਧਿਆਤਮਿਕ ਸੁਰੱਖਿਆ ਅਤੇ ਅੰਦਰੂਨੀ ਸ਼ਕਤੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਨੇ ਪੁਰਾਤਨ ਪ੍ਰਸੰਗ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਦਰੋਪਦੀ ਦੇ ਵਿਚ ਭਰਾ-ਭੈਣ ਦਾ ਪਵਿੱਤਰ ਸਬੰਧ ਪ੍ਰੇਮ ਅਤੇ ਸਮਰਪਣ ਦਾ ਪ੍ਰਤੀਕ ਹੈ। ਕਥਾ ਪ੍ਰਸੰਗ ਦੇ ਅਨੁਸਾਰ ਜਦੋਂ ਦਰੋਪਦੀ ਨੇ ਸ੍ਰੀ ਕ੍ਰਿਸ਼ਨ ਜੀ ਦੀ ਉਂਗਲੀ ’ਤੇ ਖੂਨ ਨਿਕਲਦੇ ਹੋਏ ਦੇਖਿਆ ਤਾਂ ਉਨ੍ਹਾਂ ਨੇ ਆਪਣੀ ਸਾੜੀ ਦਾ ਪੱਲੂ ਫਾੜ ਕੇ ਉਨ੍ਹਾਂ ਦੀ ਉਂਗਲ ਉੱਤੇ ਬੰਨ ਦਿੱਤਾ। ਦਰੋਪਦੀ ਜਿਸਦੇ ਇਸੇ ਪ੍ਰੇਮ ਅਤੇ ਸਮਰਪਣ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਨੇ ਸਵੀਕਾਰ ਕੀਤਾ ਅਤੇ ਸਮਾਂ ਆਉਣ ਤੇ ਉਹਨਾਂ ਦੀ ਰੱਖਿਆ ਕੀਤੀ। ਇਹ ਪ੍ਰਸੰਗ ਸਾਨੂੰ ਦੱਸਦਾ ਹੈ ਕਿ ਸੱਚੇ ਪ੍ਰੇਮ, ਸ਼ਰਧਾ ਅਤੇ ਸਮਰਪਣ ਦਾ ਸਬੰਧ ਸੰਸਾਰੀਕ ਸਵਾਰਥਾਂ ਤੋਂ ਉੱਪਰ ਹੁੰਦਾ ਹੈ। ਇਸ ਅਵਸਰ ਤੇ ਸਾਧਵੀ ਭੈਣਾਂ ਨੇ ਹਾਜ਼ਰ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ ਕੇ ਉਨ੍ਹਾਂ ਨੂੰ ਪਵਿੱਤਰ ਪ੍ਰੇਮ, ਸਦਭਾਵਨਾ ਅਤੇ ਭਗਤੀ ਮਾਰਗ ’ਤੇ ਚੱਲਣ ਦਾ ਆਸ਼ੀਰਵਾਦ ਦਿੱਤਾ। ਇਸ ਦੌਰਾਨ ਸਾਰੇ ਭਗਤਾਂ ਨੇ ਗੁਰੂ ਅਤੇ ਪਰਮਾਤਮਾ ਦੇ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹੋਏ ਧਿਆਨ-ਸਾਧਨਾ ਕੀਤੀ ਅਤੇ ਪਰਮਾਤਮਾ ਦੇ ਸ਼੍ਰੀਚਰਨਾਂ ਵਿਚ ਵਿਸ਼ਵ ਸ਼ਾਂਤੀ, ਸਦਭਾਵ ਅਤੇ ਮਾਨਵ ਕਲਿਆਣ ਦੇ ਲਈ ਮੰਗਲ ਪ੍ਰਾਰਥਨਾ ਕੀਤੀ। ਕਾਰਜਕਰਮ ਦੇ ਅੰਤ ’ਚ ਹਾਜ਼ਰ ਸੰਗਤਾਂ ਨੇ ਸੰਕਲਪ ਲਿਆ ਕਿ ਉਹ ਆਪਣੇ ਜੀਵਨ ਵਿਚ ਅਧਿਆਤਮਿਕ ਮੁੱਲਾਂ ਨੂੰ ਅਪਣਾਉਂਦੇ ਹੋਏ ਪ੍ਰੇਮ, ਸੇਵਾ, ਸਦਭਾਵਨਾ ਅਤੇ ਭਗਤੀ ਦੇ ਮਾਰਗ ਤੇ ਅੱਗੇ ਵਧਣਗੇ। ਆਸ਼ਰਮ ਦਾ ਵਾਤਾਵਰਨ ਭਗਤੀ ਰਸ ਅਤੇ ਅਧਿਆਤਮਿਕ ਊਰਜਾ ਦੇ ਨਾਲ ਭਰਪੂਰ ਰਿਹਾ।