- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਰਮਕੋਟ ਹਲਕੇ ਦੀ ਪ੍ਰਸਿੱਧ ਵਿੱਦਿਅਕ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਧਰਮਕੋਟ ਹਲਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਭਾਈ ਘੱਨਈਆ ਕਾਲਜ ਆਫ ਨਰਸਿੰਗ ਲਈ ਇਕ ਹੋਰ ਮਾਣ ਵਾਲਾ ਪਲ ਉਸ ਵੇਲੇ ਆਇਆ, ਜਦੋਂ ਇਸ ਦੀ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਭਾਈ ਘੱਨਈਆ ਇੰਸਟੀਚਿਊਟ ਆਫ ਮੈਡੀਕਲ ਹੈਲਥ ਸਾਇੰਸਿਜ਼ ਨੂੰ ਪੰਜਾਬ ਸਰਕਾਰ ਅਤੇ ਭਾਰਤੀ ਨਰਸਿੰਗ ਕੌਂਸਲ ਨਵੀਂ ਦਿੱਲੀ ਵੱਲੋਂ ਅਧਿਕਾਰਤ ਮਾਨਤਾ ਮਿਲ ਗਈ। ਮਾਨਤਾ ਮਿਲਣ ਉਪਰੰਤ ਨਵੇਂ ਸੈਸ਼ਨ ਲਈ ਦਾਖ਼ਲਾ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਸੰਸਥਾ ਦੇ ਚੇਅਰਮੈਨ ਬਲਤੇਜ ਸਿੰਘ ਗਿੱਲ ਨੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਭਾਈ ਘੱਨਈਆ ਕਾਲਜ ਆਫ ਨਰਸਿੰਗ, ਕੋਟ ਈਸੇ ਖਾਂ ਰੋਡ, ਧਰਮਕੋਟ (ਕੜਿਆਲ), ਪਿਛਲੇ ਕਰੀਬ 20 ਸਾਲਾਂ ਤੋਂ ਨਰਸਿੰਗ ਸਿੱਖਿਆ ਦੇ ਖ਼ੇਤਰ ਵਿਚ ਉੱਚ ਮਿਆਰੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਸੰਸਥਾ ਨੇ ਨਾ ਸਿਰਫ਼ ਜ਼ਿਲ੍ਹਾ ਮੋਗਾ ਸਗੋਂ ਪੂਰੇ ਪੰਜਾਬ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਨ੍ਹਾਂ ਦੱਸਿਆ ਕਿ ਸਾਲ 2012 ਤੋਂ ਲਗਾਤਾਰ ਜ਼ਿਲ੍ਹਾ ਮੋਗਾ ਵਿਚ ਨਰਸਿੰਗ ਕੋਰਸਾਂ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਇਸ ਸੰਸਥਾ ਦੇ ਵਿਦਿਆਰਥੀ ਹਾਸਲ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਤੋਂ ਬੀਐੱਸਸੀ ਨਰਸਿੰਗ ਅਤੇ ਜੀਐੱਨਐੱਮ ਦੇ ਵਿਦਿਆਰਥੀ ਪੰਜਾਬ ਭਰ ਦੀਆਂ ਪਹਿਲੀਆਂ ਦਸ ਪੁਜ਼ੀਸ਼ਨਾਂ ਵਿਚ ਆਪਣਾ ਨਾਮ ਦਰਜ ਕਰਵਾ ਰਹੇ ਹਨ, ਜੋ ਸੰਸਥਾ ਦੀ ਉੱਚ ਸਿੱਖਿਆ ਅਤੇ ਗੁਣਵੱਤਾ ਦਾ ਸਬੂਤ ਹੈ। ਚੇਅਰਮੈਨ ਬਲਤੇਜ ਸਿੰਘ ਗਿੱਲ ਨੇ ਕਿਹਾ ਕਿ ਵਿਦੇਸ਼ਾਂ ਵਿਚ ਨਰਸਿੰਗ ਪੇਸ਼ੇ ਦੀ ਵਧ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਇਹ ਨਵਾਂ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਕੈਨੇਡਾ ਸਮੇਤ ਕਈ ਦੇਸ਼ਾਂ ਨੇ ਸਿੱਧੇ 12ਵੀਂ ਪਾਸ ਵਿਦਿਆਰਥੀਆਂ ਲਈ ਵੀਜ਼ਾ ਨੀਤੀਆਂ ਸਖ਼ਤ ਕੀਤੀਆਂ ਹਨ, ਜਦਕਿ ਨਰਸਿੰਗ ਯੋਗਤਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖੇਤਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਦੇਖਦਿਆਂ ਜਲੰਧਰ ਰੋਡ ਧਰਮਕੋਟ ਵਿਖੇ ਭਾਈ ਘੱਨਈਆ ਇੰਸਟੀਚਿਊਟ ਆਫ ਮੈਡੀਕਲ ਹੈਲਥ ਸਾਇੰਸਿਜ਼ ਦੀ ਸਥਾਪਨਾ ਕੀਤੀ ਗਈ ਹੈ। ਪੰਜਾਬ ਸਰਕਾਰ ਅਤੇ ਭਾਰਤੀ ਨਰਸਿੰਗ ਕੌਂਸਲ ਵੱਲੋਂ ਇਸ ਸੰਸਥਾ ਨੂੰ ਬੀਐੱਸਸੀ ਨਰਸਿੰਗ ਲਈ 60 ਸੀਟਾਂ, ਜੀਐੱਨਐੱਮ ਲਈ 60 ਸੀਟਾਂ ਅਤੇ ਏਐੱਨਐੱਮ ਲਈ 50 ਸੀਟਾਂ ਮਨਜ਼ੂਰ ਕੀਤੀਆਂ ਗਈਆਂ ਹਨ। ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ ਵਿਚ ਦਿਲਚਸਪੀ ਦਿਖਾਈ ਜਾ ਰਹੀ ਹੈ। ਇਸ ਮੌਕੇ ਕਾਲਜ ਦੇ ਡਾਇਰੈਕਟਰ ਗੁਰਦਿਆਲ ਸਿੰਘ ਬੁੱਟਰ, ਅਮਿਤੋਜ ਸਿੰਘ, ਪਰਮਪਾਲ ਸਿੰਘ ਬੁੱਟਰ, ਡਾ. ਦਲਜੀਤ ਕੌਰ ਤੂਰ ਪ੍ਰਿੰਸੀਪਲ ਭਾਈ ਘੱਨਈਆ ਏਕਤਾ ਕਾਲਜ ਆਫ ਨਰਸਿੰਗ ਅਤੇ ਕਿਰਨਜੀਤ ਕੌਰ ਪ੍ਰਿੰਸੀਪਲ ਭਾਈ ਘੱਨਈਆ ਇੰਸਟੀਚਿਊਟ ਆਫ ਮੈਡੀਕਲ ਹੈਲਥ ਸਾਇੰਸਿਜ਼ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਮਾਨਤਾ ਮਿਲਣ ਦੀ ਖੁਸ਼ੀ ਵਿੱਚ ਸਾਰਿਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸੰਸਥਾ ਦੀਆਂ ਭਵਿੱਖੀ ਉੱਪਲਬਧੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।