- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਭਰ ਵਿਚ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ

ਆਗੂਆਂ ਨੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੂੰ ਸੌਂਪਿਆ ਮੰਗ ਪੱਤਰ
ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਪੰਜਾਬ ਭਰ ਵਿਚ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਭੈਣਾਂ ਵੱਲੋਂ ਆਪਣੇ ਹੱਕਾਂ ਲਈ ਸ਼ੁਰੂ ਕੀਤਾ ਗਿਆ ਸੰਘਰਸ਼ ਹੁਣ ਇਕ ਵੱਡੇ ਅੰਦੋਲਨ ਦਾ ਰੂਪ ਧਾਰਦਾ ਜਾ ਰਿਹਾ ਹੈ। ਆਸ਼ਾ ਵਰਕਰ ਫੈਸਿਲੀਟੇਟਰ ਨਿਰੋਲ ਯੂਨੀਅਨ ਦੇ ਸੱਦੇ ’ਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 2 ਮਾਰਚ ਤੋਂ ਲਗਾਤਾਰ ਧਰਨਿਆਂ ਦੀ ਲੜੀ ਜਾਰੀ ਹੈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਆਸ਼ਾ ਵਰਕਰ ਭੈਣਾਂ ਹਿੱਸਾ ਲੈ ਰਹੀਆਂ ਹਨ। ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਦੀਦਾਰੇਵਾਲਾ ਨੇ ਦੱਸਿਆ ਕਿ ਇਹ ਸਾਰਾ ਸੰਘਰਸ਼ ਸੂਬਾ ਪ੍ਰਧਾਨ ਮੈਡਮ ਕਿਰਨਦੀਪ ਕੌਰ ਪਜੋਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਾਰ-ਵਾਰ ਭਰੋਸੇ ਦੇਣ ਦੇ ਬਾਵਜੂਦ ਆਸ਼ਾ ਵਰਕਰਾਂ ਦੀਆਂ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਭੈਣਾਂ ਵਿਚ ਰੋਸ ਵੱਧਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਸਾ ਵਰਕਰਾਂ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਹਨ, ਜੋ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਂਦੀਆਂ ਹਨ। ਡਿਲਿਵਰੀ ਕੇਸ ਲੈ ਕੇ ਆਉਣ ਤੋਂ ਲੈ ਕੇ ਟੀਕਾਕਰਨ ਅਤੇ ਜਾਗਰੂਕਤਾ ਮੁਹਿੰਮਾਂ ਤੱਕ ਹਰ ਕੰਮ ਵਿਚ ਉਹ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਨਾ ਹੀ ਯੋਗ ਮਜ਼ਦੂਰੀ ਮਿਲ ਰਹੀ ਹੈ ਅਤੇ ਨਾ ਹੀ ਬੁਨਿਆਦੀ ਸਹੂਲਤਾਂ। ਯੂਨੀਅਨ ਵੱਲੋਂ ਸਰਕਾਰ ਅੱਗੇ ਕਈ ਅਹਿਮ ਮੰਗਾਂ ਰੱਖੀਆਂ ਗਈਆਂ ਹਨ। ਉਨ੍ਹਾਂ ਵਿਚ ਸਭ ਤੋਂ ਪਹਿਲੀ ਮੰਗ ਇਹ ਹੈ ਕਿ ਜਿਹੜੀਆਂ ਆਸ਼ਾ ਵਰਕਰਾਂ ਡਿਲਿਵਰੀ ਕੇਸ ਲੈ ਕੇ ਹਸਪਤਾਲਾਂ ਵਿਚ ਆਉਂਦੀਆਂ ਹਨ, ਉਨ੍ਹਾਂ ਲਈ ਵੱਖਰਾ ਰੈਸਟ ਰੂਮ ਮੁਹੱਈਆ ਕਰਵਾਇਆ ਜਾਵੇ, ਜਿਸਦਾ ਵਾਅਦਾ ਮਾਨ ਸਰਕਾਰ ਪਹਿਲਾਂ ਕਰ ਚੁੱਕੀ ਹੈ। ਇਸ ਤੋਂ ਇਲਾਵਾ 2500 ਰੁਪਏ ਇਨਸੈਂਟਿਵ ਨੂੰ ਤੁਰੰਤ ਦੁੱਗਣਾ ਕੀਤਾ ਜਾਵੇ, ਆਸ਼ਾ ਫੈਸਿਲੀਟੇਟਰਾਂ ਲਈ ਟੂਰ ਮਨੀ ਵਿਚ ਵਾਧਾ ਕੀਤਾ ਜਾਵੇ ਅਤੇ ਘੱਟੋ-ਘੱਟ 25 ਟੂਰਾਂ ਦੀ ਗਿਣਤੀ ਨਿਸ਼ਚਿਤ ਕੀਤੀ ਜਾਵੇ। ਯੂਨੀਅਨ ਨੇ ਇਹ ਵੀ ਮੰਗ ਕੀਤੀ ਹੈ ਕਿ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਘੱਟੋ-ਘੱਟ 24,000 ਰੁਪਏ ਮਹੀਨਾਵਾਰ ਤਨਖ਼ਾਹ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਘਰ-ਪਰਿਵਾਰ ਚਲਾ ਸਕਣ। ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ 10 ਅਪ੍ਰੈਲ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਅੱਗੇ ਵੱਡਾ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਨੂੰ ਲੈ ਕੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਵੱਡੀ ਗਿਣਤੀ ਵਿਚ ਭੈਣਾਂ ਦੇ ਇਕੱਠ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਇਸ ਤੋਂ ਪਹਿਲਾਂ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਮਾਣਯੋਗ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਜਾ ਚੁੱਕਾ ਹੈ, ਜਿਸ ਵਿਚ ਸਪਸ਼ਟ ਤੌਰ ’ਤੇ ਦਰਸਾਇਆ ਗਿਆ ਹੈ ਕਿ ਜੇਕਰ ਜਲਦ ਹੀ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਪਰਮਜੀਤ ਸਮਾਧ, ਬਲਜੀਤ ਕੌਰ ਕੋਟ ਈਸੇ ਖਾਂ, ਮਨਪ੍ਰੀਤ ਕੌਰ, ਸਰਬਜੀਤ ਕੌਰ ਚੜਿੱਕ, ਜਸਵਿੰਦਰ ਕੌਰ ਢੁਡੀਕੇ, ਮਨਦੀਪ ਕੌਰ ਡਰੋਲੀ ਭਾਈ, ਕਮਲਜੀਤ ਕੌਰ ਡਰੋਲੀ ਭਾਈ, ਰਮਨ, ਪ੍ਰੀਆ, ਕੋਮਲ, ਕਮਲ, ਮਨਦੀਪ ਕੋਟ ਈਸੇ ਖਾਂ, ਨੀਲਮ, ਕਰਮਜੀਤ, ਸੁਖੀ, ਸੁਖਾਨੰਦ, ਹਰਜਿੰਦਰ ਮਾਣੂਕੇ, ਅਨੀਤਾ, ਬਬਲਜੀਤ ਸਮੇਤ ਕਈ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।