ਆਸ਼ਾ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਅੱਗੇ ਲਾਇਆ ਧਰਨਾ
ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਐਂਡ
Publish Date: Mon, 01 Jun 2026 04:46 PM (IST)
Updated Date: Tue, 02 Jun 2026 04:01 AM (IST)

ਪੱਕੀ ਨੌਕਰੀ, ਮਾਣ-ਭੱਤੇ ’ਚ ਵਾਧਾ ਤੇ ਬਕਾਇਆ ਰਾਸ਼ੀ ਦੇ ਭੁਗਤਾਨ ਦੀ ਕੀਤੀ ਮੰਗ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਐਂਡ ਫੈਸੀਲੀਟੇਟਰਜ਼ ਯੂਨੀਅਨ (ਪੰਜਾਬ) ਦੀ ਜ਼ਿਲ੍ਹਾ ਇਕਾਈ ਮੋਗਾ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਕ ਵਿਚ ਸੋਮਵਾਰ ਨੂੰ ਸਿਵਲ ਸਰਜਨ ਦਫ਼ਤਰ ਮੋਗਾ ਦੇ ਮੂਹਰੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਣ ਦੀ ਮੰਗ ਕੀਤੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਐਂਡ ਫੈਸੀਲੀਟੇਟਰਜ਼ ਯੂਨੀਅਨ ਦੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਸਰਬਜੀਤ ਕੌਰ ਮਚਾਕੀ ਨੇ ਕਿਹਾ ਕਿ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੇ ਕੋਵਿਡ ਮਹਾਂਮਾਰੀ ਸਮੇਤ ਹਰ ਮੁਸ਼ਕਲ ਸਮੇਂ ’ਚ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਉਨ੍ਹਾਂ ਨੂੰ ਨਿਗੂਣੇ ਮਾਣ-ਭੱਤੇ ’ਤੇ ਕੰਮ ਕਰਵਾਇਆ ਜਾ ਰਿਹਾ ਹੈ, ਜੋ ਕਿ ਨਿਆਂਸੰਗਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਬਣੀਆਂ ਇਹ ਵਰਕਰਾਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਲਈ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਉਨ੍ਹਾਂ ਨੂੰ ਘੱਟੋ-ਘੱਟ ਉਜਰਤਾਂ ਦੇ ਅਧਾਰ ’ਤੇ ਮਾਣ-ਭੱਤਾ ਦਿੱਤਾ ਜਾਵੇ ਅਤੇ ਸਾਰੀਆਂ ਸਹੂਲਤਾਂ ਸਰਕਾਰੀ ਕਰਮਚਾਰੀਆਂ ਦੇ ਬਰਾਬਰ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਹਰਿਮੰਦਰ ਕੌਰ ਲੰਡੇ ਕੇ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਯੂਨੀਅਨ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਮੰਗ ਪੱਤਰ ਦਿੱਤੇ ਜਾਣ ਅਤੇ ਸੰਘਰਸ਼ ਕੀਤੇ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਹੀ ਮੰਗਾਂ ਸਬੰਧੀ ਕੋਈ ਸਕਾਰਾਤਮਕ ਫ਼ੈਸਲਾ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੀਬਰ ਕੀਤਾ ਜਾਵੇਗਾ ਅਤੇ ਸੂਬਾ ਪੱਧਰ ਤੇ ਵੱਡੇ ਐਕਸ਼ਨ ਉਲੀਕੇ ਜਾਣਗੇ। ਧਰਨੇ ਦੌਰਾਨ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਉੱਤੇ ਦਿਨੋ-ਦਿਨ ਕੰਮ ਦਾ ਬੋਝ ਵਧਾਇਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਉਸ ਅਨੁਸਾਰ ਮਾਣ-ਭੱਤਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲਵੇ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰੇ। ਇਸ ਮੌਕੇ ਮਨਪ੍ਰੀਤ ਕੌਰ ਬਲਾਕ ਪ੍ਰਧਾਨ, ਬਲਵੰਤ ਕੌਰ ਬਾਘਾਪੁਰਾਣਾ, ਸਿਮਰਜੀਤ ਕੌਰ ਸਕੱਤਰ, ਹਰਿਮੰਦਰ ਕੌਰ ਬਲਾਕ ਪ੍ਰਧਾਨ ਰਾਜੇਆਣਾ, ਸ਼ਾਂਤੀ ਪੱਤੋ ਹੀਰਾ ਸਿੰਘ, ਹਰਪਾਲ ਕੌਰ ਅਤੇ ਗੁਰਪ੍ਰੀਤ ਕੌਰ ਆਲਮਵਾਲਾ ਨੇ ਵੀ ਸੰਬੋਧਨ ਕਰਦਿਆਂ ਸਰਕਾਰ ਨੂੰ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਦੀਆਂ ਮੰਗਾਂ ਤੁਰੰਤ ਮੰਨਣ ਦੀ ਅਪੀਲ ਕੀਤੀ। ਆਗੂਆਂ ਨੇ ਸਪੱਸ਼ਟ ਕੀਤਾ ਕਿ ਯੂਨੀਅਨ ਦੀ ਮੁੱਖ ਮੰਗ ਹੈ ਕਿ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੂੰ ਸਥਾਈ ਨੌਕਰੀਆਂ ਦਿੱਤੀਆਂ ਜਾਣ, ਮਾਣ-ਭੱਤੇ ’ਚ ਯੋਗ ਵਾਧਾ ਕੀਤਾ ਜਾਵੇ, ਬਕਾਇਆ ਰਕਮਾਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਨਹੀਂ ਲੈਂਦੀ, ਉਦੋਂ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ।