ਅਰਜੁਨ ਮਿੱਤਲ ਨੇ ਨੀਟ ’ਚ ਹਾਸਲ ਕੀਤਾ 731ਵਾਂ ਰੈਂਕ ਮੋਗਾ ਸ਼ਹਿਰ ਦੇ ਪ੍ਰਸਿੱਧ ਐੱਮਡੀ ਮੈਡੀਸਨ
Publish Date: Thu, 23 Jul 2026 03:39 PM (IST)
Updated Date: Fri, 24 Jul 2026 04:01 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ : ਮੋਗਾ ਸ਼ਹਿਰ ਦੇ ਪ੍ਰਸਿੱਧ ਐੱਮਡੀ ਮੈਡੀਸਨ ਅਤੇ ਆਸਥਾ ਹਸਪਤਾਲ ਦੇ ਡਾ. ਨਿਤਿਨ ਮਿੱਤਲ ਦੇ ਪੁੱਤਰ ਅਰਜੁਨ ਮਿੱਤਲ ਨੇ ਨੀਟ-ਯੂਜੀ 2026 ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਲ ਇੰਡੀਆ 731ਵਾਂ ਰੈਂਕ ਹਾਸਲ ਕਰਕੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਮੋਗਾ ਜ਼ਿਲ੍ਹੇ ਦਾ ਨਾਮ ਵੀ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ। ਅਰਜੁਨ ਦੀ ਇਸ ਵੱਡੀ ਉਪਲਬਧੀ ਤੇ ਪਰਿਵਾਰ, ਅਧਿਆਪਕਾਂ ਅਤੇ ਸ਼ਹਿਰ ਵਾਸੀਆਂ ’ਚ ਖੁਸ਼ੀ ਦੀ ਲਹਿਰ ਹੈ ਅਤੇ ਉਸ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਇਸ ਮੌਕੇ ਰੋਟਰੀ ਕਲੱਬ ਮੋਗਾ ਰਾਇਲ ਦੇ ਪ੍ਰਧਾਨ ਅਮੋਲ ਸੂਦ ਅਤੇ ਉਨ੍ਹਾਂ ਦੀ ਟੀਮ ਨੇ ਵੀ ਡਾ. ਨਿਤਿਨ ਮਿੱਤਲ ਨੂੰ ਫੋਨ ਕਰਕੇ ਅਰਜੁਨ ਦੀ ਇਸ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਅਰਜੁਨ ਮਿੱਤਲ ਨੇ ਦੱਸਿਆ ਕਿ ਸਫ਼ਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਨਿਯਮਿਤ ਪੜ੍ਹਾਈ, ਅਨੁਸ਼ਾਸਿਤ ਦਿਨਚਰਿਆ ਅਤੇ ਸਖ਼ਤ ਮਿਹਨਤ ਹੀ ਉਨ੍ਹਾਂ ਦੀ ਕਾਮਯਾਬੀ ਦਾ ਰਾਜ਼ ਹੈ। ਉਹ ਹਰ ਰੋਜ਼ ਕਰੀਬ 12 ਤੋਂ 14 ਘੰਟੇ ਪੜ੍ਹਾਈ ਕਰਦੇ ਰਹੇ ਅਤੇ ਹਰ ਵਿਸ਼ੇ ਤੇ ਪੂਰਾ ਧਿਆਨ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਡਾ. ਨਿਤਿਨ ਮਿੱਤਲ ਅਤੇ ਮਾਤਾ ਡਾ. ਪੂਜਾ ਮਿੱਤਲ ਨੇ ਸਮੇਂ-ਸਮੇਂ ਤੇ ਉਨ੍ਹਾਂ ਦਾ ਮੁਲਾਂਕਣ ਕਰਕੇ ਕਮਜ਼ੋਰ ਵਿਸ਼ਿਆਂ ’ਤੇ ਵੱਧ ਮਿਹਨਤ ਕਰਵਾਈ, ਜਿਸ ਦਾ ਨਤੀਜਾ ਅੱਜ ਇਸ ਸ਼ਾਨਦਾਰ ਸਫ਼ਲਤਾ ਦੇ ਰੂਪ ਵਿਚ ਸਾਹਮਣੇ ਆਇਆ ਹੈ। ਅਰਜੁਨ ਨੇ ਆਪਣੀ ਇਸ ਉੱਪਲਬਧੀ ਦਾ ਸਿਹਰਾ ਆਪਣੇ ਮਾਤਾ-ਪਿਤਾ ਡਾ. ਨਿਤਿਨ ਮਿੱਤਲ ਅਤੇ ਡਾ. ਪੂਜਾ ਮਿੱਤਲ, ਦਾਦਾ ਡਾ. ਮੇਹਰ ਚੰਦ ਮਿੱਤਲ, ਦਾਦੀ ਡਾ. ਸ਼ਸ਼ੀ ਮਿੱਤਲ, ਡਾ. ਗੌਰਵ ਮਿੱਤਲ, ਡਾ. ਹਰਸ਼ਾ ਮਿੱਤਲ, ਆਪਣੇ ਗੁਰੂਜਨਾਂ ਅਤੇ ਅਧਿਆਪਕਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਲਗਾਤਾਰ ਸਹਿਯੋਗ, ਅਧਿਆਪਕਾਂ ਦਾ ਮਾਰਗਦਰਸ਼ਨ ਅਤੇ ਦੋਸਤਾਂ ਦੀ ਹੌਸਲਾ-ਅਫ਼ਜ਼ਾਈ ਉਨ੍ਹਾਂ ਨੂੰ ਹਰ ਸਮੇਂ ਹੋਰ ਬਿਹਤਰ ਕਰਨ ਲਈ ਪ੍ਰੇਰਿਤ ਕਰਦੀ ਰਹੀ। ਸਿੱਖਿਆਵਿਦਾਂ ਨੇ ਅਰਜੁਨ ਮਿੱਤਲ ਦੀ ਇਸ ਉੱਪਲਬਧੀ ਨੂੰ ਜ਼ਿਲ੍ਹੇ ਦੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਦੱਸਦਿਆਂ ਕਿਹਾ ਕਿ ਲਗਨ, ਮਿਹਨਤ ਅਤੇ ਸਹੀ ਮਾਰਗਦਰਸ਼ਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਰਜੁਨ ਦੀ ਇਹ ਸਫ਼ਲਤਾ ਮੈਡੀਕਲ ਖ਼ੇਤਰ ਵਿਚ ਆਪਣਾ ਭਵਿੱਖ ਬਣਾਉਣ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ ਲਈ ਇਕ ਮਿਸਾਲ ਬਣੇਗੀ।