- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਸ਼ਹਿਰ ਵਿਚ ਈ ਰਿਕਸ਼ਾ

ਚਾਰ ਸਵਾਰੀਆਂ ਦੀ ਸਮਰੱਥਾ ਵਾਲੇ ਈ ਰਿਕਸ਼ਾ ’ਚ ਬਿਠਾਏ ਜਾ ਰਹੇ 12 ਤੋਂ ਵੱਧ ਬੱਚੇ
ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਮੋਗਾ ਸ਼ਹਿਰ ਵਿਚ ਈ ਰਿਕਸ਼ਾ ਚਾਲਕਾਂ ਦੀ ਮਨਮਾਨੀ ਮਾਸੂਮ ਬੱਚਿਆਂ ਦੀ ਜ਼ਿੰਦਗੀ ਲਈ ਖ਼ਤਰਾ ਬਣਦੀ ਜਾ ਰਹੀ ਹੈ। ਸਕੂਲੀ ਬੱਚਿਆਂ ਨੂੰ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਪਹੁੰਚਾਉਣ ਦੇ ਨਾਂ ’ਤੇ ਕੁੱਝ ਈ ਰਿਕਸ਼ਾ ਚਾਲਕ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਹਾਲਾਤ ਇਹ ਹਨ ਕਿ ਚਾਰ ਸਵਾਰੀਆਂ ਦੀ ਸਮਰੱਥਾ ਵਾਲੇ ਈ ਰਿਕਸ਼ਾ ਵਿਚ 16 ਤੋਂ ਵੱਧ ਬੱਚਿਆਂ ਨੂੰ ਇੱਕੋ ਸਮੇਂ ਬਿਠਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਡਰਾਈਵਰ ਦੀ ਸੀਟ ਦੇ ਆਲੇ ਦੁਆਲੇ ਵੀ ਛੋਟੇ ਛੋਟੇ ਬੱਚਿਆਂ ਨੂੰ ਖੜ੍ਹਾ ਕਰ ਦਿੱਤਾ ਜਾਂਦਾ ਹੈ। ਅਜਿਹੇ ਵਿਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਸਵੇਰੇ ਸਕੂਲ ਲੱਗਣ ਅਤੇ ਛੁੱਟੀ ਹੋਣ ਸਮੇਂ ਅਜਿਹੇ ਨਜ਼ਾਰੇ ਆਮ ਦੇਖਣ ਨੂੰ ਮਿਲ ਰਹੇ ਹਨ। ਈ ਰਿਕਸ਼ਾ ਵਿਚ ਸਮਰੱਥਾ ਤੋਂ ਕਈ ਗੁਣਾ ਵੱਧ ਬੱਚੇ ਬਿਠਾਉਣ ਕਾਰਨ ਕਈ ਬੱਚਿਆਂ ਨੂੰ ਇਕ ਦੂਜੇ ਨਾਲ ਚਿਪਕ ਕੇ ਅਤੇ ਵਾਹਨ ਦੇ ਕਿਨਾਰਿਆਂ ’ਤੇ ਬੈਠਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਕੁੱਝ ਬੱਚੇ ਡਰਾਈਵਰ ਦੇ ਬਿਲਕੁਲ ਕੋਲ ਖੜ੍ਹੇ ਹੁੰਦੇ ਹਨ, ਜਿਸ ਕਾਰਨ ਚਾਲਕ ਨੂੰ ਵੀ ਵਾਹਨ ਚਲਾਉਣ ਵਿਚ ਮੁਸ਼ਕਲ ਆ ਸਕਦੀ ਹੈ। ਇਸ ਦੇ ਬਾਵਜੂਦ ਬੱਚਿਆਂ ਨੂੰ ਇਸ ਤਰ੍ਹਾਂ ਲਿਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਰਸਤੇ ਵਿਚ ਈ ਰਿਕਸ਼ਾ ਅਚਾਨਕ ਪਲਟ ਜਾਵੇ, ਕਿਸੇ ਹੋਰ ਵਾਹਨ ਨਾਲ ਟਕਰਾ ਜਾਵੇ ਜਾਂ ਚਾਲਕ ਨੂੰ ਅਚਾਨਕ ਬ੍ਰੇਕ ਲਗਾਉਣੀ ਪਵੇ ਤਾਂ ਬੱਚਿਆਂ ਦੀ ਸੁਰੱਖਿਆ ਕੌਣ ਯਕੀਨੀ ਬਣਾਏਗਾ? ਈ—ਰਿਕਸ਼ਾ ਵਿਚ ਸਾਰੇ ਬੱਚਿਆਂ ਦੇ ਬੈਠਣ ਲਈ ਲੋੜੀਂਦੀ ਜਗ੍ਹਾ ਨਹੀਂ ਹੁੰਦੀ। ਅਜਿਹੀ ਸਥਿਤੀ ਵਿਚ ਕਿਸੇ ਵੀ ਹਾਦਸੇ ਦੌਰਾਨ ਬੱਚਿਆਂ ਦੇ ਗੰਭੀਰ ਜ਼ਖ਼ਮੀ ਹੋਣ ਜਾਂ ਜਾਨ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਟ੍ਰੈਫਿਕ ਪੁਲਿਸ ਦੀ ਨਿਗਰਾਨੀ ’ਤੇ ਉੱਠੇ ਸਵਾਲ
ਸ਼ਹਿਰ ਵਿਚ ਟਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਟਰੈਫਿਕ ਪੁਲਿਸ ਦੀ ਹੈ। ਇਸ ਦੇ ਬਾਵਜੂਦ ਸਕੂਲਾਂ ਦੇ ਆਲੇ ਦੁਆਲੇ ਅਤੇ ਮੁੱਖ ਸੜਕਾਂ ’ਤੇ ਸਮਰੱਥਾ ਤੋਂ ਵੱਧ ਬੱਚਿਆਂ ਨੂੰ ਲੈ ਕੇ ਜਾਂਦੇ ਈ ਰਿਕਸ਼ਾ ਆਮ ਦੇਖੇ ਜਾ ਸਕਦੇ ਹਨ। ਲੋਕਾਂ ਦੀ ਮੰਗ ਹੈ ਕਿ ਸਕੂਲਾਂ ਦੇ ਖੁੱਲ੍ਹਣ ਅਤੇ ਛੁੱਟੀ ਹੋਣ ਸਮੇਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਈ ਰਿਕਸ਼ਾ ਚਾਲਕਾਂ ਦੇ ਚਲਾਨ ਕੱਟੇ ਜਾਣ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਬੱਚਿਆਂ ਦੀ ਸੁਰੱਖਿਆ ਲਈ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਕੁੱਝ ਪੈਸੇ ਬਚਾਉਣ ਦੇ ਚੱਕਰ ਵਿਚ ਬੱਚਿਆਂ ਦੀਆਂ ਜਾਨਾਂ ਨੂੰ ਖ਼ਤਰੇ ਵਿਚ ਪਾਉਣਾ ਠੀਕ ਨਹੀਂ ਹੈ। ਪ੍ਰਸ਼ਾਸਨ ਨੂੰ ਵੀ ਸਮੇਂ ਸਿਰ ਇਸ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਈ ਰਿਕਸ਼ਾ ਚਾਲਕਾਂ ਦੀ ਇਸ ਮਨਮਾਨੀ ’ਤੇ ਰੋਕ ਲਗਾਈ ਜਾ ਸਕੇ। ਸਕੂਲ ਦੇ ਸਮੇਂ ਰੋਜਾਨਾਂ ਹੀ ਬਾਜ਼ਾਰ ਵਿਚ ਟਰੈਫਿਕ ਪੁਲਿਸ ਦੀ ਗਸ਼ਤ ਜਾਰੀ ਹੁੰਦੀ ਹੈ।
ਕੀ ਕਹਿੰਦੇ ਨੇ ਟ੍ਰੈਫਿਕ ਇੰਚਾਰਜ ਸੁਖਮੰਦਰ ਸਿੰਘ
ਜਦ ਇਸ ਸਬੰਧੀ ਟਰੈਫਿਕ ਇੰਚਾਰਜ ਐੱਸਆਈ ਸੁਖਮੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਟਰੈਫਿਕ ਪੁਲਿਸ ਵੱਲੋਂ ਰੋਜਾਨਾ ਹੀ ਸਕੂਲ ਸਮੇਂ ਬਾਜ਼ਾਰ ਵਿਚ ਗਸ਼ਤ ਜਾਰੀ ਹੁੰਦੀ ਤਾਂਕਿ ਸਕੂਲੀ ਬੱਚੇ ਟਰੈਫਿਕ ਵਿਚ ਨਾ ਫ਼ਸ ਸਕਣ, ਉਨ੍ਹਾਂ ਕਿਹਾ ਕਿ ਅਗਰ ਕੋਈ ਵੀ ਈਰਿਕਸ਼ਾ ਚਾਲਕ ਆਪਣੇ ਰਿਕਸ਼ੇ ਵਿਚ ਸਮਰੱਥਾ ਤੋਂ ਵੱਧ ਸਕੁਲੀ ਬੱਚਿਆਂ ਨੂੰ ਬਿਠਾਏਗਾ ਤਾਂ ਉਸ ਦਾ ਚਲਾਨ ਕਰਕੇ ਉਸ ਦੇ ਰਿਕਸ਼ੇ ਨੂੰ ਬੰਦ ਕੀਤਾ ਜਾਵੇਗਾ।