- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਐੱਸਐੱਫ਼ਸੀ ਆਈਟੀਆਈ ਜਲਾਲਾਬਾਦ ਈਸਟ ਮੋਗਾ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਸਿਖਿਆਰਥੀਆਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਵਿਚ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ ਸੰਸਥਾ ਦੇ ਪ੍ਰਿੰਸੀਪਲ ਮਨਜਿੰਦਰ ਸਿੰਘ ਸੇਖੋਂ ਦੇ ਸੰਬੋਧਨ ਨਾਲ ਹੋਈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਵਿਅਕਤੀ ਦੀ ਸਿਹਤ, ਪਰਿਵਾਰਕ ਜੀਵਨ ਅਤੇ ਸਮਾਜਿਕ ਸਥਿਤੀ ’ਤੇ ਮਾੜਾ ਪ੍ਰਭਾਵ ਪਾਉਂਦੇ ਹਨ। ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਆਪਣੀ ਊਰਜਾ ਸਿੱਖਿਆ, ਹੁਨਰ ਵਿਕਾਸ ਅਤੇ ਚੰਗੇ ਕੰਮਾਂ ਵਿਚ ਲਗਾਉਣੀ ਚਾਹੀਦੀ ਹੈ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜੇਪਾਲ ਸੰਸਥਾ ਵੱਲੋਂ ਇਸ ਜਾਗਰੂਕਤਾ ਮੁਹਿੰਮ ਤਹਿਤ ਲਵਪ੍ਰੀਤ ਸਿੰਘ, ਨਿਰਮਲ ਸਿੰਘ, ਹਰਜੀਤ ਕੌਰ ਅਤੇ ਪਵਨਦੀਪ ਕੌਰ ਦੀ ਡਿਊਟੀ ਲਗਾਈ ਗਈ। ਇਨ੍ਹਾਂ ਸਟਾਫ ਮੈਂਬਰਾਂ ਨੇ ਆਈਟੀਆਈ ਦੇ ਸਿਖਿਆਰਥੀਆਂ ਨੂੰ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਮੁਹਿੰਮ ਵਿਚ ਨੌਜਵਾਨਾਂ ਦੀ ਭੂਮਿਕਾ ਦੀ ਮਹੱਤਤਾ ਨੂੰ ਉਜਾਗਰ ਕੀਤਾ। ਸੈਮੀਨਾਰ ਦੌਰਾਨ ਸਿਖਿਆਰਥੀਆਂ ਨੂੰ ਸਮਝਾਇਆ ਗਿਆ ਕਿ ਨਸ਼ਿਆਂ ਦੀ ਲਤ ਨਾ ਸਿਰਫ਼ ਵਿਅਕਤੀ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ, ਸਗੋਂ ਪਰਿਵਾਰਾਂ ਵਿਚ ਤਣਾਅ ਅਤੇ ਸਮਾਜਿਕ ਸਮੱਸਿਆਵਾਂ ਦਾ ਕਾਰਨ ਵੀ ਬਣਦੀ ਹੈ। ਇਸ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਐੱਸਐੱਫ਼ਸੀ ਗਰੁੱਪ ਦੇ ਸੀਐੱਮਡੀ ਐਡਵੋਕੇਟ ਅਭਿਸ਼ੇਕ ਜਿੰਦਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਆਈਟੀਆਈ ਦੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਅਜਿਹੇ ਉਪਰਾਲਿਆਂ ਨੂੰ ਨੌਜਵਾਨਾਂ ਨੂੰ ਸਹੀ ਰਸਤਾ ਦਿਖਾਉਣ ਅਤੇ ਸਮਾਜ ਵਿਚ ਸਕਾਰਾਤਮਕ ਸੋਚ ਪੈਦਾ ਕਰਨ ਲਈ ਮਹੱਤਵਪੂਰਨ ਦੱਸਿਆ। ਸੈਮੀਨਾਰ ਵਿਚ ਸੰਸਥਾ ਦੇ ਪ੍ਰਿੰਸੀਪਲ ਮਨਜਿੰਦਰ ਸਿੰਘ ਸੇਖੋਂ, ਟੀਮ ਇੰਚਾਰਜ ਅਤੇ ਇੰਸਟ੍ਰਕਟਰ ਨਰਿੰਦਰ ਸਿੰਘ, ਹੋਰ ਸਟਾਫ਼ ਮੈਂਬਰ ਅਤੇ ਸਿੱਖਿਆਰਥੀ ਹਾਜ਼ਰ ਸਨ।