ਸਰਕਾਰੀ ਸਕੂਲ ਬੁੱਧ ਸਿੰਘ ਵਾਲਾ ’ਚ ਸਾਲਾਨਾ ਨਤੀਜੇ ਐਲਾਨੇ
ਸਿੱਖਿਆ ਦੇ ਖੇਤਰ ਵਿਚ ਇਕ ਪ੍ਰੇਰਣਾਦਾਇਕ
Publish Date: Sun, 29 Mar 2026 05:03 PM (IST)
Updated Date: Mon, 30 Mar 2026 04:03 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਸਿੱਖਿਆ ਦੇ ਖੇਤਰ ਵਿਚ ਇਕ ਪ੍ਰੇਰਣਾਦਾਇਕ ਕਦਮ ਚੁੱਕਦਿਆਂ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਬੁੱਧ ਸਿੰਘ ਵਾਲਾ ਵਿਚ ਸਾਲਾਨਾ ਨਤੀਜੇ ਦਾ ਐਲਾਨ ਬੜੇ ਉਤਸ਼ਾਹ ਅਤੇ ਖੁਸ਼ੀ ਦੇ ਮਾਹੌਲ ਵਿਚ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸੈਂਟਰ ਹੈੱਡ ਟੀਚਰ ਮਨਮੋਹਨ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਾਪਤੀਆਂ ਦੀ ਭਰਪੂਰ ਸਰਾਹਨਾ ਕੀਤੀ ਗਈ। ਸਕੂਲ ਵਿਚ ਹੋਏ ਇਸ ਸਮਾਰੋਹ ਦੌਰਾਨ ਪਿੰਡ ਬੁੱਧ ਸਿੰਘ ਵਾਲਾ ਦੇ ਪ੍ਰਸਿੱਧ ਐੱਨਆਰਆਈ ਬਲਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਨਵਤੇਜ ਸਿੰਘ ਨੇ ਖ਼ਾਸ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਾਰੇ ਵਿਦਿਆਰਥੀਆਂ ਨੂੰ ਕਾਪੀਆਂ ਵੀ ਵੰਡੀਆਂ ਗਈਆਂ, ਜਿਸ ਨਾਲ ਬੱਚਿਆਂ ਵਿਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ ਇਸ ਮੌਕੇ ਐੱਨਆਰਆਈ ਪਰਿਵਾਰ ਵੱਲੋਂ ਸਕੂਲ ਦੇ ਵਿਕਾਸ ਲਈ ਇਕ ਕਮਰਾ ਤਿਆਰ ਕਰਵਾ ਕੇ ਦਿੱਤਾ ਗਿਆ ਜੋ ਕਿ ਸਕੂਲ ਦੀ ਬੁਨਿਆਦੀ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਸਾਬਤ ਹੋਵੇਗਾ। ਉਨ੍ਹਾਂ ਨੇ ਭਵਿੱਖ ਵਿਚ ਵੀ ਸਕੂਲ ਦੀ ਤਰੱਕੀ ਲਈ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸਮਾਰੋਹ ਦੌਰਾਨ ਸਕੂਲ ਸਟਾਫ਼ ਵੱਲੋਂ ਬਲਵੰਤ ਸਿੰਘ ਅਤੇ ਨਵਤੇਜ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਬਲਤੇਜ ਸਿੰਘ, ਨਿਰੰਜਨ ਸਿੰਘ, ਅਧਿਆਪਕ ਸਹਿਬਾਨ ਵੀਰ ਸਿੰਘ, ਜਗਸੀਰ ਸਿੰਘ, ਕਿਰਨਦੀਪ ਕੌਰ, ਨਿਧੀ ਗਰਗ, ਗੁਰਪ੍ਰੀਤ ਕੌਰ ਅਤੇ ਬਲਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ। ਸਮਾਗਮ ਦੇ ਅੰਤ ’ਤੇ ਸੈਂਟਰ ਹੈੱਡ ਟੀਚਰ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਅਤੇ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹਨ।