ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਟ੍ਰੇਨਿੰਗ ਸਬੰਧੀ ਮੀਟਿੰਗ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ
Publish Date: Tue, 22 Sep 2026 07:45 PM (IST)
Updated Date: Wed, 23 Sep 2026 04:06 AM (IST)
ਸ਼ਹੀਦ ਭਗਤ ਸਿੰਘ ਦੇ ਜਨਮਦਿਨ 28 ਸਤੰਬਰ ਨੂੰ ਸਮਰਪਿਤ ਬੱਝਵੇਂ ਰੂਪ ਵਿਚ ਮਨਾਉਣ ਦਾ ਸੱਦਾ : ਗੋਇਲ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਮੋਗਾ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗਵਾਈ ਹੇਠ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸੂਬਾ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ, ਐਡਵਾਈਜ਼ਰ ਜਸਵਿੰਦਰ ਸਿੰਘ ਭੋਗਲ ਅਤੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਬਲਵੀਰ ਸਿੰਘ ਸ਼ਾਮਲ ਸਨ। ਸਿਹਤ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਪੀਐੱਮਐੱਚ ਸ਼ਾਖਾ ਰਵਨੀਤ ਕੌਰ, ਸਹਾਇਕ ਡਾਇਰੈਕਟਰ ਡਾ. ਗਗਨਦੀਪ ਸਿੰਘ ਗਰੋਵਰ, ਸੁਪਰਡੈਂਟ ਪੀਐੱਮਐੱਚ ਸ਼ਾਖਾ ਰਿਪਦੁਮਨ ਰਾਏ, ਸੁਪਰਡੈਂਟ ਟ੍ਰੇਨਿੰਗ ਐਂਡ ਡੈਂਟਲ ਸ਼ਾਖਾ ਬਲਵਿੰਦਰ ਸਿੰਘ, ਸੁਪਰਡੈਂਟ ਰਾਜ ਸਿਹਤ ਅਤੇ ਪਰਿਵਾਰ ਭਲਾਈ ਸਿਖਲਾਈ ਸੰਸਥਾ ਐੱਸਏਐੱਸ ਨਗਰ ਅਤੇ ਹੋਰ ਉੱਚ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਸਰਪ੍ਰਸਤ ਸੁਰਜੀਤ ਸਿੰਘ ਨੇ ਦੱਸਿਆ ਕਿ ਜਥੇਬੰਦੀ ਪਿਛਲੇ ਲੰਬੇ ਸਮੇਂ ਤੋਂ ਟ੍ਰੇਨਿੰਗ ਦੀ ਮੰਗ ਨੂੰ ਲੈ ਕੇ ਸੰਘਰਸ਼ਸ਼ੀਲ ਹੈ। 26 ਨਵੰਬਰ 2024 ਨੂੰ ਸਿਹਤ ਮੰਤਰੀ ਡਾ. ਬਲਵੀਰ ਸਿੰਘ ਅਤੇ ਪ੍ਰਿੰਸੀਪਲ ਸਿਹਤ ਸਕੱਤਰ ਕੁਮਾਰ ਰਾਹੁਲ ਦੀ ਅਗਵਾਈ ਹੇਠ ਹੋਈ ਪੈਨਲ ਮੀਟਿੰਗ ਵਿਚ ਸ਼ਾਰਟ-ਟਰਮ ਟ੍ਰੇਨਿੰਗ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਉਸ ਤੋਂ ਬਾਅਦ 16 ਅਪ੍ਰੈਲ ਨੂੰ ਪੰਜਾਬ ਭਵਨ ਵਿਖੇ ਸੰਸਦੀ ਕੈਬਨਿਟ ਕਮੇਟੀ ਵਿਚ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ 27 ਅਪ੍ਰੈਲ ਨੂੰ ਸਕੱਤਰੇਤ ਵਿਖੇ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਵਿਚ ਹਾਂ-ਪੱਖੀ ਹੁੰਗਾਰਾ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਪੱਤਰ 21 ਜੁਲਾਈ 2026 ਅਨੁਸਾਰ ਸੂਬੇ ਭਰ ਦੇ ਪ੍ਰੈਕਟੀਸ਼ਨਰਾਂ ਵੱਲੋਂ ਸਵੈ-ਘੋਸ਼ਣਾ ਪੱਤਰ, ਤਜ਼ੁਰਬਾ ਅਤੇ ਯੋਗਤਾ ਸਰਟੀਫਿਕੇਟਾਂ ਦੀਆਂ ਫਾਈਲਾਂ ਜਮ੍ਹਾਂ ਕਰਵਾ ਦਿੱਤੀਆਂ ਗਈਆਂ ਹਨ। 7 ਸਤੰਬਰ ਨੂੰ ਡਾਇਰੈਕਟਰ ਡਾ. ਹਿਤਿੰਦਰ ਕੌਰ ਅਤੇ 15 ਸਤੰਬਰ ਨੂੰ ਸਿਹਤ ਮੰਤਰੀ ਨਾਲ ਵੀ ਮੀਟਿੰਗ ਹੋ ਚੁੱਕੀ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਟ੍ਰੇਨਿੰਗ ਦਾ ਮਕਸਦ ਡਾਕਟਰ ਬਣਾਉਣਾ ਨਹੀਂ, ਸਗੋਂ ਪਿੰਡਾਂ ਅਤੇ ਸ਼ਹਿਰੀ ਗਰੀਬ ਬਸਤੀਆਂ ਵਿਚ ਐਮਰਜੈਂਸੀ ਹਾਲਤ ਵਿਚ ਮੁੱਢਲੀ ਸਹਾਇਤਾ ਦੇਣਾ ਹੈ। ਇਸ ਮੌਕੇ ਟ੍ਰੇਨਿੰਗ ਫੌਰੀ ਸ਼ੁਰੂ ਕਰਵਾਉਣ ਲਈ ਵਿਉਂਤਬੰਦੀ ਅਤੇ ਚੋਣ ਜ਼ਾਬਤੇ ਦਾ ਜ਼ਿਕਰ ਕਰਦਿਆਂ ਅਪਲਾਈ ਤੋਂ ਪਛੜੇ ਸਾਥੀਆਂ ਨੂੰ ਪ੍ਰੇਰਿਤ ਕੀਤਾ ਗਿਆ। ਅਧਿਕਾਰੀਆਂ ਵੱਲੋਂ ਡਾਟਾ ਪਹੁੰਚਦਿਆਂ ਹੀ ਸਾਡੇ ਵੱਲੋਂ ਭੇਜੇ ਮਾਡਿਊਲ ਅਤੇ ਸੁਝਾਵਾਂ ਨੂੰ ਘੋਖ ਕੇ ਜਲਦੀ ਟ੍ਰੇਨਿੰਗ ਸ਼ੁਰੂ ਕਰਨ ਦੀ ਤਸੱਲੀ ਦਿੱਤੀ ਗਈ। ਇਸ ਸਮੇਂ ਜ਼ਿਲ੍ਹਾ ਮੋਹਾਲੀ ਦੇ ਕੈਸ਼ੀਅਰ ਸੁਖਬੀਰ ਸਿੰਘ, ਬਲਕਾਰ ਸਿੰਘ ਪਟਿਆਲਾ ਅਤੇ ਜ਼ਿਲ੍ਹਾ ਆਗੂ ਸੰਦੀਪ ਸਿੰਘ ਵੀ ਵਫ਼ਦ ਵਿਚ ਸ਼ਾਮਲ ਸਨ।