- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਕੇਐੱਸ ਸੀਨੀਅਰ ਸੈਕੰਡਰੀ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਕਲਾਸ 10ਵੀਂ ਤੋਂ 12ਵੀਂ ਤੱਕ ਦੀਆਂ ਵਿਦਿਆਰਥਣਾਂ ਲਈ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਪਾਲੀਸਿਸਟਿਕ ਓਵਰੀ ਸਿੰਡਰੋਮ ਬਾਰੇ ਜਾਗਰੂਕ ਕਰਨਾ ਅਤੇ ਕਿਸ਼ੋਰ ਅਵਸਥਾ ਦੌਰਾਨ ਹੋਣ ਵਾਲੇ ਸਰੀਰਕ ਅਤੇ ਭਾਵਨਾਤਮਕ ਬਦਲਾਵਾਂ ਸਬੰਧੀ ਸਹੀ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਮੌਕੇ ’ਤੇ ਡਾ. ਮੋਨਿਕਾ ਗਰਗ ਆਪਣੀ ਟੀਮ ਸਮੇਤ ਰਿਸੋਰਸ ਪਰਸਨ ਵਜੋਂ ਹਾਜ਼ਰ ਹੋਏ। ਮਾਹਿਰਾਂ ਨੇ ਵਿਦਿਆਰਥਣਾਂ ਨੂੰ ਪੀਸੀਓਐੱਸ ਨਾਲ ਸਬੰਧਤ ਲੱਛਣਾਂ, ਇਸ ਦੇ ਕਾਰਨਾਂ ਅਤੇ ਸਿਹਤ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਸਧਾਰਨ ਅਤੇ ਅਸਾਨ ਭਾਸ਼ਾ ਵਿਚ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਵਿਦਿਆਰਥਣਾਂ ਨੂੰ ਆਪਣੇ ਸਿਹਤ ਪ੍ਰਤੀ ਜਾਗਰੂਕ ਰਹਿਣ, ਸੰਤੁਲਿਤ ਆਹਾਰ ਲੈਣ, ਪੂਰੀ ਨੀਂਦ ਲੈਣ ਅਤੇ ਨਿੱਜੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਡਾ. ਮੋਨਿਕਾ ਗਰਗ ਨੇ ਵਿਦਿਆਰਥਣਾਂ ਦੀਆਂ ਵੱਖ-ਵੱਖ ਜਿਗਿਆਸਾਵਾਂ ਅਤੇ ਸਵਾਲਾਂ ਦਾ ਹੱਲ ਕਰਦਿਆਂ ਉਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਅਤੇ ਲੋੜ ਪੈਣ ’ਤੇ ਮਾਹਿਰ ਡਾਕਟਰ ਦੀ ਸਲਾਹ ਲੈਣ ਲਈ ਉਤਸ਼ਾਹਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਰਜਨੀ ਅਰੋੜਾ ਨੇ ਡਾ. ਮੋਨਿਕਾ ਗਰਗ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥਣਾਂ ਦੀ ਸਿਹਤ, ਆਤਮਵਿਸ਼ਵਾਸ ਅਤੇ ਸਹੀ ਜੀਵਨ-ਸ਼ੈਲੀ ਲਈ ਬਹੁਤ ਹੀ ਲਾਭਦਾਇਕ ਸਾਬਤ ਹੁੰਦੇ ਹਨ।