- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਾਮੀ ਪੰਜਾਬ ਵਿਧਾਨ ਸਭਾ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ, ਉੱਥੇ ਕਾਂਗਰਸ ਹਾਈਕਮਾਂਡ ਵੱਲੋਂ ਵੀ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਸੰਭਾਵੀ ਉਮੀਦਵਾਰਾਂ ਦੀ ਲੋਕਪ੍ਰਿਯਤਾ, ਪਾਰਟੀ ਪ੍ਰਤੀ ਸਮਰਪਣ, ਜ਼ਮੀਨੀ ਪੱਧਰ ’ਤੇ ਸਰਗਰਮੀ ਅਤੇ ਜਿੱਤਣ ਦੀ ਸਮਰੱਥਾ ਨੂੰ ਪਰਖਣ ਲਈ ਸਰਵੇ ਕਰਵਾਏ ਜਾਣ ਦੀ ਚਰਚਾ ਹੈ। ਇਸੇ ਕੜੀ ਤਹਿਤ ਮੋਗਾ ਵਿਧਾਨ ਸਭਾ ਹਲਕੇ ਵਿਚ ਵੀ ਕਾਂਗਰਸ ਦੀ ਟਿਕਟ ਲਈ ਕਈ ਦਾਅਵੇਦਾਰਾਂ ਦੇ ਨਾਮ ਚਰਚਾ ਵਿਚ ਹਨ ਪਰ ਪਾਰਟੀ ਹਲਕਿਆਂ ਵਿਚ ਮੌਜੂਦਾ ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਦਾਅਵੇਦਾਰੀ ਨੂੰ ਮਜ਼ਬੂਤ ਮੰਨਿਆ ਜਾ ਰਿਹਾ ਹੈ। ਕਾਂਗਰਸ ਪਾਰਟੀ ਨਾਲ ਜੁੜੇ ਸਿਆਸੀ ਹਲਕਿਆਂ ਵਿਚ ਚੱਲ ਰਹੀ ਚਰਚਾ ਅਨੁਸਾਰ ਹਾਈਕਮਾਂਡ ਵੱਲੋਂ ਕਰਵਾਏ ਜਾ ਰਹੇ ਸਰਵਿਆਂ ਵਿਚ ਮਾਲਵਿਕਾ ਸੂਦ ਦਾ ਨਾਮ ਮਜ਼ਬੂਤ ਦਾਅਵੇਦਾਰ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ। ਇਸ ਦਾ ਮੁੱਖ ਕਾਰਨ ਉਨ੍ਹਾਂ ਦੀ ਹਲਕੇ ਅੰਦਰ ਲਗਾਤਾਰ ਸਰਗਰਮੀ ਅਤੇ ਲੋਕਾਂ ਨਾਲ ਬਣਿਆ ਸਿੱਧਾ ਸੰਪਰਕ ਦੱਸਿਆ ਜਾ ਰਿਹਾ ਹੈ। ਮਾਲਵਿਕਾ ਸੂਦ ਵੱਲੋਂ ਪਿਛਲੇ ਸਮੇਂ ਦੌਰਾਨ ਹਲਕਾ ਮੋਗਾ ਦੇ ਲੋਕਾਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੱਖ-ਵੱਖ ਮੰਚਾਂ ’ਤੇ ਉਠਾਇਆ ਗਿਆ ਹੈ। ਇਸ ਤੋਂ ਇਲਾਵਾ ਮਾਲਵਿਕਾ ਸੂਦ ਦੀ ਇਕ ਹੋਰ ਅਹਿਮ ਖਾਸੀਅਤ ਇਹ ਹੈ ਕਿ ਉਹ ਹਲਕੇ ਦੇ ਲੋਕਾਂ ਨਾਲ ਸਿਰਫ਼ ਸਿਆਸੀ ਨਹੀਂ, ਸਗੋਂ ਸਮਾਜਿਕ ਪੱਧਰ ’ਤੇ ਵੀ ਲਗਾਤਾਰ ਜੁੜੇ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਣਾ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਾ ਅਤੇ ਲੋੜ ਪੈਣ ’ਤੇ ਉਨ੍ਹਾਂ ਦੀ ਆਵਾਜ਼ ਉਠਾਉਣਾ ਉਨ੍ਹਾਂ ਦੀ ਸਿਆਸੀ ਕਾਰਜਸ਼ੈਲੀ ਦਾ ਹਿੱਸਾ ਬਣਿਆ ਹੋਇਆ ਹੈ। ਕਾਂਗਰਸ ਹਾਈਕਮਾਂਡ ਵੱਲੋਂ ਉਮੀਦਵਾਰ ਦੀ ਚੋਣ ਤੋਂ ਪਹਿਲਾਂ ਕਰਵਾਏ ਜਾ ਰਹੇ ਸਰਵਿਆਂ ਦਾ ਅੰਤਿਮ ਨਤੀਜਾ ਅਤੇ ਟਿਕਟ ਬਾਰੇ ਫੈਸਲਾ ਹਾਲਾਂਕਿ ਪਾਰਟੀ ਵੱਲੋਂ ਹੀ ਕੀਤਾ ਜਾਣਾ ਹੈ ਪਰ ਮੌਜੂਦਾ ਸਿਆਸੀ ਚਰਚਾ ਵਿਚ ਮਾਲਵਿਕਾ ਸੂਦ ਦਾ ਨਾਮ ਮਜ਼ਬੂਤੀ ਨਾਲ ਸਾਹਮਣੇ ਆਉਣਾ ਉਨ੍ਹਾਂ ਦੀ ਦਾਅਵੇਦਾਰੀ ਨੂੰ ਹੋਰ ਭਾਰਾ ਕਰ ਰਿਹਾ ਹੈ।