- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਮ ਪੂਜਨੀਕ ਸਤਿਗੁਰਦੇਵ ਸਵਾਮੀ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਪਰਮ ਪੂਜਨੀਕ ਸਤਿਗੁਰਦੇਵ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਦੀ ਪਾਵਨ ਕਰਮਭੂਮੀ ਗੀਤਾ ਭਵਨ ਮੋਗਾ ਵਿਖੇ ਗੀਤਾ ਭਵਨ ਟਰੱਸਟ ਸੋਸਾਇਟੀ ਵੱਲੋਂ ਆਂਵਲਾ ਨੌਮੀ ਦਾ ਤਿਉਹਾਰ ਬੜੀ ਸ਼ਰਧਾ, ਭਗਤੀ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੀਤਾ ਭਵਨ ਦੇ ਵਿਹੜੇ ਵਿਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਸ਼ਰਧਾਲੂਆਂ ਲਈ ਪ੍ਰਸ਼ਾਦ ਅਤੇ ਭੋਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਆਲੇ-ਦੁਆਲੇ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੀਤਾ ਭਵਨ ਵਿਖੇ ਪਹੁੰਚੇ ਅਤੇ ਪੂਰੀ ਵਿਧੀ-ਵਿਧਾਨ ਨਾਲ ਆਂਵਲੇ ਦੇ ਰੁੱਖ ਦੀ ਪੂਜਾ-ਅਰਚਨਾ ਕਰਕੇ ਪਰਿਵਾਰ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ, ਸਿਹਤ ਅਤੇ ਸਮ੍ਰਿੱਧੀ ਲਈ ਅਰਦਾਸ ਕੀਤੀ। ਮਹਿਲਾਵਾਂ ਨੇ ਆਂਵਲੇ ਦੇ ਰੁੱਖ ਦੁਆਲੇ ਪਵਿੱਤਰ ਧਾਗੇ ਬੰਨ੍ਹ ਕੇ ਪਰਿਕਰਮਾ ਕੀਤੀ ਅਤੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕੀਤੀ। ਸ਼ਰਧਾਲੂਆਂ ਨੇ ਸਾਂਝੇ ਤੌਰ ’ਤੇ ਪ੍ਰਸ਼ਾਦ ਅਤੇ ਭੋਜਨ ਛਕਿਆ। ਇਸ ਮੌਕੇ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਸ਼ਰਧਾਲੂਆਂ ਨੂੰ ਆਂਵਲਾ ਨੌਮੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਾਰਤੀ ਸਨਾਤਨ ਸੰਸਕ੍ਰਿਤੀ ਦੇ ਹਰੇਕ ਤਿਉਹਾਰ ਪਿੱਛੇ ਡੂੰਘਾ ਅਧਿਆਤਮਿਕ, ਸਮਾਜਿਕ ਅਤੇ ਕੁਦਰਤ ਨਾਲ ਜੁੜਿਆ ਸੰਦੇਸ਼ ਛੁਪਿਆ ਹੋਇਆ ਹੈ। ਗੀਤਾ ਭਵਨ ਟਰੱਸਟ ਸੋਸਾਇਟੀ ਦੇ ਜਨਰਲ ਸਕੱਤਰ ਅੰਸ਼ੁਲ ਸ਼੍ਰੀਕੁੰਜ ਨੇ ਕਿਹਾ ਕਿ ਆਂਵਲਾ ਨੌਮੀ ਦਾ ਤਿਉਹਾਰ ਸ਼ਰਧਾ ਦੇ ਨਾਲ-ਨਾਲ ਸੇਵਾ ਅਤੇ ਸਮੂਹਿਕ ਸ਼ਮੂਲੀਅਤ ਦਾ ਵੀ ਪ੍ਰਤੀਕ ਹੈ। ਇਸ ਦਿਨ ਆਂਵਲੇ ਦੇ ਰੁੱਖ ਦੀ ਪੂਜਾ ਕਰਨ ਅਤੇ ਉਸ ਦੇ ਹੇਠਾਂ ਭੋਜਨ ਕਰਨ ਦੀ ਪਰੰਪਰਾ ਸਾਨੂੰ ਕੁਦਰਤ ਨਾਲ ਜੁੜਨ ਅਤੇ ਲੋੜਵੰਦਾਂ ਸਮੇਤ ਸਮਾਜ ਦੇ ਹੋਰਨਾਂ ਲੋਕਾਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਸਮਾਗਮ ਵਿਚ ਪਹੁੰਚ ਕੇ ਪੂਜਾ-ਅਰਚਨਾ ਕਰਨ ਅਤੇ ਪ੍ਰਸ਼ਾਦ ਛਕਣ ਵਾਲੇ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਟਰੱਸਟ ਦੇ ਮੀਤ ਪ੍ਰਧਾਨ ਰਵਿੰਦਰ ਸੂਦ ਅਤੇ ਭਾਰਤ ਅਗਰਵਾਲ, ਸੰਯੁਕਤ ਸਕੱਤਰ ਸੁਰਿੰਦਰ ਗੋਇਲ, ਖਜ਼ਾਨਚੀ ਯੋਗੇਸ਼ ਗਰਗ ਅਤੇ ਕਾਰਜਕਾਰਨੀ ਮੈਂਬਰ ਕੇਐੱਮ ਗੁਪਤਾ ਤੇ ਮਨਵਿੰਦਰ ਸੱਗੂ ਸਮੇਤ ਹੋਰ ਮੈਂਬਰਾਂ ਨੇ ਸਮਾਗਮ ਦੇ ਪ੍ਰਬੰਧਾਂ ਵਿਚ ਸਹਿਯੋਗ ਦਿੱਤਾ। ਪੂਰੇ ਸਮਾਗਮ ਦੌਰਾਨ ਗੀਤਾ ਭਵਨ ਵਿਖੇ ਸ਼ਰਧਾ, ਭਗਤੀ ਅਤੇ ਸੇਵਾ ਦਾ ਮਾਹੌਲ ਬਣਿਆ ਰਿਹਾ।