ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦਾ ਡੈਲੀਗੇਟ ਇਜਲਾਸ ਸੰਪੰਨ ਆਲ ਇੰਡੀਆ ਕਿਸਾਨ ਮਜ਼ਦੂਰ ਸਭਾ
Publish Date: Thu, 01 Oct 2026 03:32 PM (IST)
Updated Date: Thu, 01 Oct 2026 03:33 PM (IST)
ਨਿਰਭੈ ਸਿੰਘ ਢੁੱਡੀਕੇ ਨੂੰ ਰਾਸ਼ਟਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ ਮੋਗਾ: ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦਾ ਚੌਥਾ ਆਲ ਇੰਡੀਆ ਦੋ ਰੋਜ਼ਾ ਡੈਲੀਗੇਟ ਇਜਲਾਸ 29 ਅਤੇ 30 ਸਤੰਬਰ ਨੂੰ ਤੇਲੰਗਾਨਾ ਦੇ ਖੰਮਮ ਸ਼ਹਿਰ ਵਿਚ ਸਫ਼ਲਤਾਪੂਰਵਕ ਸੰਪੰਨ ਹੋਇਆ। ਇਜਲਾਸ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਡੈਲੀਗੇਟਾਂ ਨੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਵਰਗ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਜਥੇਬੰਦੀ ਦੀ ਨਵੀਂ ਕੌਮੀ ਕਾਰਜਕਾਰਨੀ ਦੀ ਚੋਣ ਵੀ ਕੀਤੀ ਗਈ। ਇਜਲਾਸ ਵਿਚ ਨਿਰਭੈ ਸਿੰਘ ਢੁੱਡੀਕੇ ਨੂੰ ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦਾ ਰਾਸ਼ਟਰੀ ਪ੍ਰਧਾਨ ਅਤੇ ਜੇਵੀ ਚਲਪਤੀ ਰਾਉ ਨੂੰ ਕੌਮੀ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਡਾ. ਅਸ਼ੀਸ ਮਿੱਤਲ ਅਤੇ ਸੁਧਾਕਰ ਨੂੰ ਕੌਮੀ ਮੀਤ ਪ੍ਰਧਾਨ, ਬਾਲਾਚੰਦਰ ਛੜੱਗੀ ਅਤੇ ਰਾਮਿੰਦਰ ਸਿੰਘ ਪਟਿਆਲਾ ਨੂੰ ਕੌਮੀ ਸਕੱਤਰ ਅਤੇ ਚਿੱਟੀਪਾਟੀ ਨੂੰ ਕੌਮੀ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਮੁਕੇਸ਼ ਮਲੌਦ, ਵੀ. ਵੈਕਟਰਮੱਈਆਂ, ਸੁਜੇ ਝਾਅ, ਡੈਵਾਜੀਤ, ਸੰਭੂ ਸਿੰਘ ਅਤੇ ਧਰਮਪਾਲ ਸਮੇਤ ਕੁੱਲ 14 ਮੈਂਬਰੀ ਕੌਮੀ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਕੌਮੀ ਟੀਮ ਦੇ ਗਠਨ ਨੂੰ ਇਜਲਾਸ ਦਾ ਅਹਿਮ ਪੜਾਅ ਮੰਨਿਆ ਗਿਆ, ਜਿਸ ਰਾਹੀਂ ਜਥੇਬੰਦੀ ਦੀਆਂ ਅਗਲੀਆਂ ਸਰਗਰਮੀਆਂ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਉਣ ਲਈ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ। ਦੋ ਰੋਜ਼ਾ ਇਜਲਾਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਡੈਲੀਗੇਟਾਂ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ, ਖੇਤੀਬਾੜੀ ਨਾਲ ਜੁੜੀਆਂ ਚੁਣੌਤੀਆਂ ਅਤੇ ਪੇਂਡੂ ਲੋਕਾਂ ਦੇ ਮੁੱਦਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਡੈਲੀਗੇਟਾਂ ਵੱਲੋਂ ਆਪੋ-ਆਪਣੇ ਸੂਬਿਆਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਜੁੜੇ ਮਸਲਿਆਂ ਅਤੇ ਜਥੇਬੰਦੀ ਦੀਆਂ ਸਰਗਰਮੀਆਂ ਸਬੰਧੀ ਰਿਪੋਰਟਾਂ ਵੀ ਸਾਂਝੀਆਂ ਕੀਤੀਆਂ ਗਈਆਂ। ਇਜਲਾਸ ਦਾ ਮੁੱਖ ਕੇਂਦਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹੱਕਾਂ ਨਾਲ ਸਬੰਧਤ ਮੁੱਦੇ ਰਹੇ। ਜਥੇਬੰਦੀ ਦੀਆਂ ਭਵਿੱਖੀ ਸਰਗਰਮੀਆਂ, ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਸੂਬਿਆਂ ਵਿਚ ਕਿਸਾਨਾਂ ਤੇ ਮਜ਼ਦੂਰਾਂ ਨਾਲ ਸਬੰਧਤ ਮੁੱਦਿਆਂ ਨੂੰ ਉਭਾਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਜਲਾਸ ਨਾਲ ਸਬੰਧਤ ਪ੍ਰੋਗਰਾਮਾਂ ਦੌਰਾਨ ਖੰਮਮ ਵਿਚ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਹੋਰ ਪੇਂਡੂ ਵਰਗਾਂ ਦੀ ਸ਼ਮੂਲੀਅਤ ਵਾਲੀ ਰੈਲੀ ਵੀ ਹੋਈ। ਰਿਪੋਰਟਾਂ ਅਨੁਸਾਰ ਇਸ ਮੌਕੇ ਆਂਧਰਾ ਪ੍ਰਦੇਸ਼, ਤੇਲੰਗਾਨਾ ਸਮੇਤ ਹੋਰ ਸੂਬਿਆਂ ਤੋਂ ਪਹੁੰਚੇ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ। ਰੈਲੀ ਤੋਂ ਬਾਅਦ ਹੋਏ ਜਨਤਕ ਇਕੱਠ ਵਿਚ ਵੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਮਸਲਿਆਂ ਨੂੰ ਉਭਾਰਿਆ ਗਿਆ। ਇਸ ਕੌਮੀ ਇਜਲਾਸ ਵਿਚ ਪੰਜਾਬ ਤੋਂ ਵੀ ਵੱਡੀ ਗਿਣਤੀ ਵਿਚ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਪੰਜਾਬ ਤੋਂ ਲਗਭਗ 50 ਡੈਲੀਗੇਟ ਮੈਂਬਰ ਖੰਮਮ ਪਹੁੰਚੇ ਅਤੇ ਉਨ੍ਹਾਂ ਨੇ ਇਜਲਾਸ ਦੀ ਕਾਰਵਾਈ ਵਿਚ ਹਿੱਸਾ ਲੈਂਦਿਆਂ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਸਬੰਧਤ ਮਸਲਿਆਂ ਨੂੰ ਵੀ ਸਾਹਮਣੇ ਰੱਖਿਆ। ਇਜਲਾਸ ਦੇ ਅੰਤ ਵਿਚ ਨਵੀਂ ਕੌਮੀ ਕਾਰਜਕਾਰਨੀ ਦੀ ਚੋਣ ਉਪਰੰਤ ਜਥੇਬੰਦੀ ਦੀਆਂ ਅਗਲੀਆਂ ਸਰਗਰਮੀਆਂ ਅਤੇ ਜਥੇਬੰਦਕ ਕਾਰਜਾਂ ਨੂੰ ਅੱਗੇ ਵਧਾਉਣ ਲਈ ਵਿਚਾਰ ਪੇਸ਼ ਕੀਤੇ ਗਏ। ਨਵੀਂ ਕੌਮੀ ਟੀਮ ਦੀ ਚੋਣ ਨਾਲ ਇਜਲਾਸ ਸੰਪੰਨ ਹੋਇਆ।