ਡਰੋਲੀ ਭਾਈ ਦੀ ‘ਬੂਥ ਮਿਲਣੀ’ ’ਚ ਗੂੰਜਿਆ ਅਕਾਲੀ ਯੂਥ ਦਾ ਜੋਸ਼ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ
Publish Date: Tue, 15 Sep 2026 04:21 PM (IST)
Updated Date: Wed, 16 Sep 2026 04:03 AM (IST)
ਸੰਜੀਤ ਸਿੰਘ ਸੰਨੀ ਗਿੱਲ ਵੱਲੋਂ ਨੌਜਵਾਨਾਂ ਦਾ ਧੰਨਵਾਦ ਜਸਵੀਰ ਸਿੰਘ ਸੋਨਾ ਦੀ ਅਗਵਾਈ ’ਚ ਹੋਇਆ ਵਿਚਾਰ-ਵਟਾਂਦਰਾ ਹਰ ਬੂਥ ਟੂ ਯੂਥ ਦਾ ਦਿੱਤਾ ਨਾਅਰਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਘੱਲ ਕਲਾਂ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਥੇਬੰਦਕ ਪੱਧਰ ’ਤੇ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰਨ ਅਤੇ ਨੌਜਵਾਨ ਵਰਗ ਨੂੰ ਪਾਰਟੀ ਨਾਲ ਹੋਰ ਮਜ਼ਬੂਤੀ ਨਾਲ ਜੋੜਨ ਦੇ ਉਦੇਸ਼ ਨਾਲ ਡਰੋਲੀ ਭਾਈ ਵਿਖੇ ਯੂਥ ਅਕਾਲੀ ਦਲ ਦਿਹਾਤੀ ਹਲਕਾ ਮੋਗਾ ਵੱਲੋਂ ‘ਬੂਥ ਮਿਲਣੀ’ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਨੇ ਸਮਾਗਮ ਨੂੰ ਸਿਆਸੀ ਸਰਗਰਮੀ ਦਾ ਰੂਪ ਦਿੱਤਾ। ਨੌਜਵਾਨਾਂ ਨੇ ਪਾਰਟੀ ਦੀਆਂ ਗਤੀਵਿਧੀਆਂ, ਬੂਥ ਪੱਧਰ ਦੀ ਜਥੇਬੰਦੀ ਅਤੇ ਭਵਿੱਖੀ ਰਣਨੀਤੀ ਸਬੰਧੀ ਵਿਚਾਰ ਸਾਂਝੇ ਕੀਤੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਮੋਗਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਬੂਥ ਮਿਲਣੀ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਨੌਜਵਾਨ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਸਰਗਰਮ ਭੂਮਿਕਾ ਕਿਸੇ ਵੀ ਸਿਆਸੀ ਜਥੇਬੰਦੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਬਣਾਉਣ ਵਿਚ ਅਹਿਮ ਯੋਗਦਾਨ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਡਰੋਲੀ ਭਾਈ ਵਿਖੇ ਨੌਜਵਾਨਾਂ ਵੱਲੋਂ ਦਿਖਾਇਆ ਗਿਆ ਉਤਸ਼ਾਹ ਪਾਰਟੀ ਵਰਕਰਾਂ ਲਈ ਹੌਂਸਲੇ ਵਾਲੀ ਗੱਲ ਹੈ। ਜਸਵੀਰ ਸਿੰਘ ਸੋਨਾ ਦੀ ਅਗਵਾਈ ਵਿਚ ਹੋਈ ਇਸ ਬੂਥ ਮਿਲਣੀ ਦੌਰਾਨ ਨੌਜਵਾਨਾਂ ਨਾਲ ਖੁੱਲ੍ਹੇ ਮਨ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਨੌਜਵਾਨਾਂ ਦੇ ਸੁਝਾਅ ਅਤੇ ਵਿਚਾਰ ਸੁਣੇ ਗਏ ਅਤੇ ਬੂਥ ਪੱਧਰ ’ਤੇ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਸਬੰਧੀ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜੇਕਰ ਪਾਰਟੀ ਦੇ ਵਰਕਰ ਅਤੇ ਨੌਜਵਾਨ ਆਪਸੀ ਤਾਲਮੇਲ ਨਾਲ ਕੰਮ ਕਰਨ ਤਾਂ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਹੈ। ਇਸ ਮੌਕੇ ‘ਹਰ ਬੂਥ ਟੂ ਯੂਥ’ ਦਾ ਨਾਅਰਾ ਵੀ ਉੱਭਰ ਕੇ ਸਾਹਮਣੇ ਆਇਆ। ਆਗੂਆਂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਨੌਜਵਾਨਾਂ ਨੂੰ ਬੂਥ ਪੱਧਰ ’ਤੇ ਜ਼ਿੰਮੇਵਾਰੀਆਂ ਨਾਲ ਜੋੜਨ ਅਤੇ ਪਾਰਟੀ ਦੀਆਂ ਸਰਗਰਮੀਆਂ ਨੂੰ ਪਿੰਡਾਂ ਤੱਕ ਲਿਜਾਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰੋਲੀ ਭਾਈ ਤੋਂ ਸ਼ੁਰੂ ਹੋਈ ਇਹ ਸਰਗਰਮੀ ਹਲਕੇ ਦੇ ਹੋਰ ਬੂਥਾਂ ਤੱਕ ਵੀ ਪਹੁੰਚਾਈ ਜਾਵੇਗੀ। ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਅੱਜ ਦੀ ਬੂਥ ਮਿਲਣੀ ਦਾ ਮੁੱਖ ਮਕਸਦ ਸਿਰਫ਼ ਇਕੱਠ ਕਰਨਾ ਨਹੀਂ, ਸਗੋਂ ਨੌਜਵਾਨਾਂ ਨਾਲ ਸਿੱਧਾ ਸੰਪਰਕ ਕਾਇਮ ਕਰ ਕੇ ਉਨ੍ਹਾਂ ਦੀ ਗੱਲ ਸੁਣਨਾ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨੌਜਵਾਨਾਂ ’ਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਉਤਸ਼ਾਹ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਵਰਗ ਦੀ ਭੂਮਿਕਾ ਹੋਰ ਵਧੇਗੀ। ਪਾਰਟੀ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਕਿ ਮੋਗਾ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਬੂਥ ਪੱਧਰ ’ਤੇ ਸਰਗਰਮ ਕਰਨ ਲਈ ਵਰਕਰਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਪਾਰਟੀ ਦੀ ਜਥੇਬੰਦਕ ਗਤੀਵਿਧੀ ਨੂੰ ਨਵੀਂ ਊਰਜਾ ਮਿਲ ਰਹੀ ਹੈ। ਆਗੂਆਂ ਨੇ ਕਿਹਾ ਕਿ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਵੀ ਪਾਰਟੀ ਵਰਕਰਾਂ ਨੂੰ ਸਰਗਰਮ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਹੈਪੀ ਗੱਖੜ, ਗੁਰਮੁੱਖ ਸਿੰਘ, ਬਲਵਿੰਦਰ ਸਿੰਘ, ਮਨਦੀਪ ਸਿੰਘ, ਜਸਵੀਰ ਸਿੰਘ, ਜਸਪ੍ਰੀਤ ਸਿੰਘ ਜੱਸਾ, ਹੁਸਨਦੀਪ ਸਿੰਘ, ਦਿਲਬਾਗ ਸਿੰਘ, ਗੁਰਮੀਤ ਸਿੰਘ, ਰਣਧੀਰ ਸਿੰਘ, ਜਸਵੀਰ ਸਿੰਘ ਲੱਖੀ, ਪ੍ਰਗਟ ਸਿੰਘ, ਇੰਦਰਪ੍ਰੀਤ ਸਿੰਘ ਭਾਈ ਅਤੇ ਹਰਮਨ ਸਿੰਘ ਸਮੇਤ ਹੋਰ ਨੌਜਵਾਨ ਅਤੇ ਪਾਰਟੀ ਵਰਕਰ ਹਾਜ਼ਰ ਸਨ। ਬੂਥ ਮਿਲਣੀ ਦੇ ਸਮਾਪਤੀ ਮੌਕੇ ਆਗੂਆਂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਬੂਥ ਪੱਧਰ ਦੀ ਜਥੇਬੰਦੀ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਇਸ ਮੁਹਿੰਮ ਦਾ ਅਹਿਮ ਹਿੱਸਾ ਬਣਾਇਆ ਜਾਵੇਗਾ।