ਅਮਰੀਕਾ ਤੋਂ ਵਾਪਸ ਆ ਕੇ ਦਲਜੀਤ ਸਿੰਘ ਸੰਭਾਲ ਰਹੇ ਖੇਤੀ ਦੀ ਕਮਾਨ ਜਿੱਥੇ ਅੱਜ ਦੇ ਸਮੇਂ ’ਚ ਬਹੁਤ ਸਾਰੇ
Publish Date: Wed, 18 Nov 2026 06:16 PM (IST)
Updated Date: Thu, 19 Nov 2026 04:05 AM (IST)
ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਨਹੀਂ ਲਗਾਈ ਅੱਗ, ਕਿਹਾ: ਅੱਗ ਨਾਲ ਸੜ ਜਾਂਦੇ ਹਨ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਾਲੇ ਕਿਸਾਨਾਂ ਦੇ ਮਿੱਤਰ ਕੀੜੇ ਪਰਾਲੀ ਸਾੜਨ ਦੀ ਬਜਾਏ ਖੇਤਾਂ ’ਚ ਹੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ, ਕਿਸਾਨ ਵਾਤਾਵਰਨ ਦੀ ਸੁਰੱਖਿਆ ਲਈ ਅੱਗੇ ਆਉਣ ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ, ਮੋਗਾ : ਜਿੱਥੇ ਅੱਜ ਦੇ ਸਮੇਂ ’ਚ ਬਹੁਤ ਸਾਰੇ ਕਿਸਾਨ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਅੱਗ ਲਗਾਉਣ ਵਰਗੇ ਤਰੀਕੇ ਅਪਣਾਉਂਦੇ ਹਨ, ਉੱਥੇ ਹੀ ਕੁੱਝ ਅਜਿਹੇ ਕਿਸਾਨ ਵੀ ਹਨ ਜੋ ਵਾਤਾਵਰਨ ਦੀ ਸੰਭਾਲ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰ ਰਹੇ ਹਨ। ਅਜਿਹੀ ਹੀ ਮਿਸਾਲ ਸਾਬਕਾ ਸਰਪੰਚ ਦਲਜੀਤ ਸਿੰਘ ਬਰਾੜ ਵੱਲੋਂ ਪੇਸ਼ ਕੀਤੀ ਜਾ ਰਹੀ ਹੈ, ਜੋ ਅਮਰੀਕਾ ਤੋਂ ਆਪਣੇ ਪਿੰਡ ਛੋਟਾ ਘਰ (ਮੋਗਾ) ਆ ਕੇ ਨਾ ਸਿਰਫ਼ ਖੇਤੀਬਾੜੀ ਦੇ ਕੰਮਾਂ ਵਿਚ ਦਿਲਚਸਪੀ ਲੈ ਰਹੇ ਹਨ, ਸਗੋਂ ਖ਼ੁਦ ਖੇਤਾਂ ਵਿਚ ਜਾ ਕੇ ਕਣਕ ਦੀ ਬਿਜਾਈ ਵੀ ਕਰ ਰਹੇ ਹਨ। ਸਾਬਕਾ ਸਰਪੰਚ ਦਲਜੀਤ ਸਿੰਘ ਬਰਾੜ ਦਾ ਖੇਤੀ ਨਾਲ ਮੋਹ ਇਸ ਗੱਲ ਤੋਂ ਸਾਫ਼ ਝਲਕਦਾ ਹੈ ਕਿ ਵਿਦੇਸ਼ ਵਿਚ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਮਿੱਟੀ ਅਤੇ ਖੇਤੀਬਾੜੀ ਨਾਲ ਜੁੜਾਅ ਕਾਇਮ ਰੱਖਿਆ ਹੋਇਆ ਹੈ। ਅਮਰੀਕਾ ਤੋਂ ਵਾਪਸ ਆ ਕੇ ਉਹ ਖ਼ੁਦ ਖੇਤਾਂ ਵਿੱਚ ਪਹੁੰਚ ਕੇ ਕਣਕ ਦੀ ਬਿਜਾਈ ਦੇ ਕੰਮ ਵਿਚ ਜੁਟੇ ਹੋਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਖੇਤੀਬਾੜੀ ਸਿਰਫ਼ ਆਮਦਨ ਦਾ ਸਾਧਨ ਨਹੀਂ, ਸਗੋਂ ਕਿਸਾਨ ਦੀ ਪਛਾਣ ਅਤੇ ਵਿਰਾਸਤ ਵੀ ਹੈ, ਜਿਸ ਨਾਲ ਜੁੜੇ ਰਹਿਣਾ ਹਰ ਕਿਸਾਨ ਲਈ ਮਾਣ ਵਾਲੀ ਗੱਲ ਹੈ। ਦਲਜੀਤ ਸਿੰਘ ਬਰਾੜ ਦੀ ਇੱਕ ਹੋਰ ਵਿਸ਼ੇਸ਼ ਗੱਲ ਇਹ ਹੈ ਕਿ ਉਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਆਪਣੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ। ਉਹ ਪਰਾਲੀ ਨੂੰ ਖੇਤਾਂ ਵਿਚ ਹੀ ਸੰਭਾਲਣ ਦੇ ਹੱਕ ਵਿਚ ਹਨ ਅਤੇ ਇਸ ਨੂੰ ਕਿਸਾਨਾਂ ਤੇ ਵਾਤਾਵਰਨ ਦੋਵਾਂ ਲਈ ਲਾਹੇਵੰਦ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕਿਸਾਨ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਂਦੇ ਹਨ ਤਾਂ ਇਸ ਨਾਲ ਸਿਰਫ਼ ਹਵਾ ਹੀ ਪ੍ਰਦੂਸ਼ਿਤ ਨਹੀਂ ਹੁੰਦੀ, ਸਗੋਂ ਖੇਤਾਂ ਦੀ ਮਿੱਟੀ ਵਿਚ ਮੌਜੂਦ ਬਹੁਤ ਸਾਰੇ ਲਾਭਦਾਇਕ ਜੀਵ ਅਤੇ ਕਿਸਾਨਾਂ ਦੇ ਮਿੱਤਰ ਕੀੜੇ ਵੀ ਅੱਗ ਦੀ ਲਪੇਟ ਵਿੱਚ ਆ ਕੇ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਮੌਜੂਦ ਇਹ ਮਿੱਤਰ ਕੀੜੇ ਮਿੱਟੀ ਦੀ ਸਿਹਤ ਅਤੇ ਕੁਦਰਤੀ ਸੰਤੁਲਨ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇਨ੍ਹਾਂ ਲਾਭਦਾਇਕ ਜੀਵਾਂ ਦੇ ਨਾਲ-ਨਾਲ ਮਿੱਟੀ ਵਿਚ ਮੌਜੂਦ ਜੈਵਿਕ ਤੱਤਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਇਸ ਦਾ ਅਸਰ ਲੰਮੇ ਸਮੇਂ ਵਿੱਚ ਜ਼ਮੀਨ ਦੀ ਉਪਜਾਊ ਸ਼ਕਤੀ ਉੱਤੇ ਪੈ ਸਕਦਾ ਹੈ। ਇਸ ਤੋਂ ਇਲਾਵਾ ਪਰਾਲੀ ਸਾੜਨ ਨਾਲ ਉੱਠਣ ਵਾਲਾ ਧੂੰਆਂ ਹਵਾ ਨੂੰ ਦੂਸ਼ਿਤ ਕਰਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਅਤੇ ਸਿਹਤ ਸਬੰਧੀ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਬਕਾ ਸਰਪੰਚ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਖੇਤਾਂ ਵਿਚ ਹੀ ਢੁੱਕਵੇਂ ਤਰੀਕੇ ਨਾਲ ਪ੍ਰਬੰਧਨ ਕਰਨਾ ਚਾਹੀਦਾ ਹੈ। ਅੱਜ ਖੇਤੀਬਾੜੀ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਵੱਖ-ਵੱਖ ਆਧੁਨਿਕ ਖੇਤੀ ਸੰਦਾਂ ਅਤੇ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦਾ ਲਾਭ ਉਠਾ ਕੇ ਕਿਸਾਨ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਰ ਕਿਸਾਨ ਇਹ ਸੰਕਲਪ ਕਰ ਲਵੇ ਕਿ ਉਹ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਨਹੀਂ ਲਗਾਏਗਾ ਤਾਂ ਇਸ ਨਾਲ ਸਾਫ਼-ਸੁਥਰੇ ਵਾਤਾਵਰਨ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸਿਹਤਮੰਦ ਧਰਤੀ ਛੱਡੀ ਜਾ ਸਕਦੀ ਹੈ। ਉਨ੍ਹਾਂ ਅਨੁਸਾਰ ਖੇਤੀਬਾੜੀ ਵਿਚ ਤਰੱਕੀ ਕਰਨ ਦੇ ਨਾਲ-ਨਾਲ ਕੁਦਰਤ ਦੀ ਸੰਭਾਲ ਕਰਨਾ ਵੀ ਕਿਸਾਨ ਦੀ ਅਹਿਮ ਜ਼ਿੰਮੇਵਾਰੀ ਹੈ। ਦਲਜੀਤ ਸਿੰਘ ਬਰਾੜ ਵੱਲੋਂ ਅਮਰੀਕਾ ਤੋਂ ਆ ਕੇ ਖ਼ੁਦ ਖੇਤਾਂ ਵਿਚ ਕਣਕ ਦੀ ਬਿਜਾਈ ਕਰਨਾ ਅਤੇ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਉਪਰਾਲਾ ਹੋਰਨਾਂ ਕਿਸਾਨਾਂ ਲਈ ਵੀ ਇਕ ਸੁਨੇਹਾ ਹੈ ਕਿ ਵਿਦੇਸ਼ਾਂ ਵਿੱਚ ਰਹਿ ਕੇ ਵੀ ਆਪਣੀ ਮਿੱਟੀ ਨਾਲ ਮੋਹ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਕਾਇਮ ਰੱਖੀ ਜਾ ਸਕਦੀ ਹੈ।