ਐਡਵੋਕੇਟ ਸੁਨੀਲ ਗਰਗ ਬਾਰ ਐਸੋਸੀਏਸ਼ਨ ਦੇ ਧਰਨਾ ਸਥਾਨ ’ਤੇ ਪੁੱਜੇ ਐੱਲਡੀਸੀਏ ਪ੍ਰਣਾਲੀ ਦੇ ਵਿਰੋਧ
Publish Date: Tue, 21 Jul 2026 07:49 PM (IST)
Updated Date: Wed, 22 Jul 2026 04:10 AM (IST)
ਪੰਜਾਬ ਭਰ ਦਾ ਕਰਨਗੇ ਦੌਰਾ, ਬਾਰ ਕੌਂਸਲ, ਬਾਰ ਐਸੋਸੀਏਸ਼ਨਾਂ ਅਤੇ ਵਕੀਲਾਂ ਦੀ ਏਕਤਾ ਨੂੰ ਦੱਸਿਆ ਹੱਲ ਦੀ ਕੁੰਜੀ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਐੱਲਡੀਸੀਏ ਪ੍ਰਣਾਲੀ ਦੇ ਵਿਰੋਧ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਜ਼ਿਲ੍ਹਾ ਅਤੇ ਤਹਿਸੀਲ ਬਾਰ ਐਸੋਸੀਏਸ਼ਨਾਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦੇ ਦਰਮਿਆਨ ਸੀਨੀਅਰ ਐਡਵੋਕੇਟ ਅਤੇ ਮੋਗਾ ਬਾਰ ਐਸੋਸੀਏਸ਼ਨ ਦੇ ਕਈ ਵਾਰ ਪ੍ਰਧਾਨ ਰਹਿ ਚੁੱਕੇ ਐਡਵੋਕੇਟ ਸੁਨੀਲ ਗਰਗ ਨੇ ਅੱਜ ਬਾਘਾਪੁਰਾਣਾ ਬਾਰ ਐਸੋਸੀਏਸ਼ਨ ਦੇ ਧਰਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਨੇ ਸੰਘਰਸ਼ ਕਰ ਰਹੇ ਵਕੀਲਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਲੜਾਈ ਸਿਰਫ਼ ਵਕੀਲਾਂ ਦੀ ਨਹੀਂ, ਸਗੋਂ ਆਮ ਲੋਕਾਂ ਨੂੰ ਸੌਖਾ ਅਤੇ ਪ੍ਰਭਾਵਸ਼ਾਲੀ ਨਿਆਂ ਦਿਵਾਉਣ ਨਾਲ ਵੀ ਜੁੜੀ ਹੋਈ ਹੈ। ਇਸ ਮੌਕੇ ਬਾਘਾਪੁਰਾਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਵਿੰਦਰ ਬਰਾੜ, ਸਕੱਤਰ ਐਡਵੋਕੇਟ ਮਨਜਿੰਦਰ ਬਰਾੜ, ਉੱਪ ਪ੍ਰਧਾਨ ਐਡਵੋਕੇਟ ਸੁਰੇਸ਼ ਗੋਇਲ, ਕਾਰਜਕਾਰਨੀ ਮੈਂਬਰ ਐਡਵੋਕੇਟ ਸੁਜਾਨ ਸਿੰਘ ਬਰਾੜ, ਐਡਵੋਕੇਟ ਗਰਜੰਟ ਸਿੰਘ ਗਿੱਲ, ਐਡਵੋਕੇਟ ਅਮਰੀਤ ਤਾਲੀਵਾਲ, ਐਡਵੋਕੇਟ ਬਲਵਿੰਦਰ ਸਿੰਘ ਸਿੱਧੂ, ਐਡਵੋਕੇਟ ਤਰਸੇਮ ਸਿੰਘ ਗਿੱਲ, ਐਡਵੋਕੇਟ ਪਵਿੱਤਰ ਸਿੰਘ ਗਿੱਲ, ਐਡਵੋਕੇਟ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਸਨ। ਸਾਰੇ ਵਕੀਲਾਂ ਨੇ ਸ਼ਾਂਤਮਈ ਅਤੇ ਮਜ਼ਬੂਤ ਢੰਗ ਨਾਲ ਅੰਦੋਲਨ ਨੂੰ ਅੱਗੇ ਵਧਾਉਣ ਦਾ ਸੰਕਲਪ ਦੁਹਰਾਇਆ। ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਕਈ ਦਿਨਾਂ ਤੋਂ ਵਕੀਲਾਂ ਦਾ ਨੋ ਵਰਕ ਅੰਦੋਲਨ ਜਾਰੀ ਹੈ ਪਰ ਹਾਲੇ ਤੱਕ ਕੋਈ ਠੋਸ ਹੱਲ ਸਾਹਮਣੇ ਨਹੀਂ ਆਇਆ। ਇਸ ਕਾਰਨ ਨਿਆਂਇਕ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ ਅਤੇ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਡਵੋਕੇਟ ਗਰਗ ਨੇ ਕਿਹਾ ਕਿ ਜਲਦ ਹੀ ਬਾਰ ਕੌਂਸਲ ਦੇ ਨਵੇਂ ਚੁਣੇ ਗਏ ਚੇਅਰਮੈਨ ਅਤੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਚੁੱਕਣ ਦੀ ਅਪੀਲ ਕੀਤੀ ਜਾਵੇਗੀ। ਨਾਲ ਹੀ ਬਾਰ ਕੌਂਸਲ ਆਫ ਇੰਡੀਆ ਅੱਗੇ ਵੀ ਇਸ ਮਾਮਲੇ ਨੂੰ ਮਜ਼ਬੂਤੀ ਨਾਲ ਰੱਖਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ, ਪੰਜਾਬ ਅਤੇ ਹਰਿਆਣਾ ਦੀਆਂ ਸਾਰੀਆਂ ਜ਼ਿਲ੍ਹਾ ਅਤੇ ਤਹਿਸੀਲ ਬਾਰ ਐਸੋਸੀਏਸ਼ਨਾਂ ਅਤੇ ਸਮੂਹ ਵਕੀਲ ਭਾਈਚਾਰਾ ਇਕਜੁੱਟ ਹੋ ਕੇ ਸਾਂਝੇ ਯਤਨ ਕਰੇ ਤਾਂ ਹੀ ਇਸ ਗੰਭੀਰ ਮਸਲੇ ਦਾ ਜਲਦ ਅਤੇ ਸਥਾਈ ਹੱਲ ਸੰਭਵ ਹੈ। ਧਰਨੇ ਵਿਚ ਸ਼ਾਮਲ ਵਕੀਲਾਂ ਨੇ ਐਡਵੋਕੇਟ ਸੁਨੀਲ ਗਰਗ ਦੀ ਇਸ ਪਹਿਲ ਦਾ ਸਵਾਗਤ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੇ ਤਜਰਬੇ, ਲੀਡਰਸ਼ਿਪ ਅਤੇ ਪੰਜਾਬ ਭਰ ਦੇ ਵਕੀਲਾਂ ਨਾਲ ਮਜ਼ਬੂਤ ਸੰਪਰਕ ਦੇ ਸਦਕਾ ਅੰਦੋਲਨ ਨੂੰ ਨਵੀਂ ਦਿਸ਼ਾ ਮਿਲੇਗੀ ਤੇ ਸਬੰਧਤ ਸੰਸਥਾਵਾਂ ਨਾਲ ਸਾਕਾਰਾਤਮਕ ਗੱਲਬਾਤ ਰਾਹੀਂ ਇਸ ਵਿਵਾਦ ਦਾ ਜਲਦ ਹੱਲ ਨਿਕਲੇਗਾ।