- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਸ਼ਹਿਰ ਦੀ ਸਮਾ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਦੀ ਸਮਾਜਿਕ ਅਤੇ ਸੇਵਾਭਾਵਨਾ ਨਾਲ ਜੁੜੀ ਪ੍ਰਮੁੱਖ ਸੰਸਥਾ ਮੋਗਾ ਪੀੜਤ ਰਾਹਤ ਕਮੇਟੀ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਕਮੇਟੀ ਦੀ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਸਵਰਗੀ ਮਨਮੋਹਨ ਜਿੰਦਲ ਦੇ ਪੁੱਤਰ ਅਭਿਸ਼ੇਕ ਜਿੰਦਲ ਨੂੰ ਸਰਬਸੰਮਤੀ ਨਾਲ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਮੀਟਿੰਗ ਵਿਚ ਮੌਜੂਦ ਸਾਰੇ ਮੈਂਬਰਾਂ ਵੱਲੋਂ ਇਸ ਨਿਯੁੱਕਤੀ ’ਤੇ ਪੂਰੀ ਸਹਿਮਤੀ ਜਤਾਈ ਗਈ। ਇਸ ਮੌਕੇ ਮਿਊਂਸੀਪਲ ਯੂਨੀਅਨ ਦੇ ਡਾਇਰੈਕਟਰ ਮੁਕੇਸ਼ ਕੋਛੜ ਨੇ ਅਧਿਕਾਰਕ ਤੌਰ ’ਤੇ ਅਭਿਸ਼ੇਕ ਜਿੰਦਲ ਨੂੰ ਪ੍ਰਧਾਨ ਨਿਯੁੱਕਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਭਿਸ਼ੇਕ ਜਿੰਦਲ ਨੌਜਵਾਨ ਹੋਣ ਦੇ ਬਾਵਜੂਦ ਸਮਾਜ ਸੇਵਾ ਦੇ ਖੇਤਰ ਵਿਚ ਆਪਣੀ ਸਰਗਰਮ ਭੂਮਿਕਾ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਕਮੇਟੀ ਦੇ ਸੇਵਾਕਾਰਜ ਹੋਰ ਤੇਜ਼ੀ ਨਾਲ ਅੱਗੇ ਵਧਣਗੇ। ਧਰਮ ਜਾਗਰਣ ਮੰਚ ਪੰਜਾਬ ਦੇ ਕਨਵੀਨਰ ਰਾਮ ਗੋਪਾਲ ਨੇ ਨਵਨਿਯੁੱਕਤ ਪ੍ਰਧਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਵਰਗੀ ਮਨਮੋਹਨ ਜਿੰਦਲ ਵੱਲੋਂ ਸਮਾਜ ਲਈ ਕੀਤੀਆਂ ਸੇਵਾਵਾਂ ਨੂੰ ਅਭਿਸ਼ੇਕ ਜਿੰਦਲ ਹੋਰ ਅੱਗੇ ਵਧਾਉਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਮੋਗਾ ਪੀੜਤ ਰਾਹਤ ਕਮੇਟੀ ਲੋਕਾਂ ਦੀ ਸਹਾਇਤਾ ਲਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗੀ। ਮੀਟਿੰਗ ਵਿਚ ਕਮੇਟੀ ਦੇ ਸਰਪ੍ਰਸਤ ਵਿਜੇ ਕੌਸ਼ਿਕ, ਰਾਜੇਸ਼ ਵਰਮਾ, ਸੁਖੇਸ਼ਵਰ ਲਾਲ, ਮਹਿਤਾ ਮਿਸ਼ਰਾ, ਜ਼ਿਲ੍ਹਾ ਪ੍ਰਚਾਰਕ ਜਸਵੀਰ ਸਿੰਘ, ਅਨਿਲ ਬਾਂਸਲ, ਸਾਬਕਾ ਸੀਨੀਅਰ ਡਿਪਟੀ ਮੇਅਰ ਰਾਕੇਸ਼ ਗੁਪਤਾ, ਜ਼ਿਲ੍ਹਾ ਇੰਚਾਰਜ ਜਵਾਲਾ ਪ੍ਰਸਾਦ, ਉਮਾਕਾਂਤ ਪਾਂਡੇ, ਡਾ. ਹਰਜੋਤ ਕਮਲ, ਸੰਜੀਵ ਅਗਰਵਾਲ, ਸ਼ਸ਼ੀਕਾਂਤ ਪਾਂਡੇ, ਗੌਰਵ ਗੁਪਤਾ, ਰਮਨ ਕੁਮਾਰ ਪੁਰਾਣਾ ਮੋਗਾ, ਨਰਿੰਦਰ, ਵੈਭਵ, ਸੰਤ ਰਾਮ ਸਮੇਤ ਕਈ ਹੋਰ ਸਮਾਜ ਸੇਵੀ ਹਾਜ਼ਰ ਸਨ। ਨਵ-ਨਿਯੁਕਤ ਪ੍ਰਧਾਨ ਅਭਿਸ਼ੇਕ ਜਿੰਦਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਕਮੇਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਮੋਗਾ ਦੇ ਸ਼ਹੀਦੀ ਪਾਰਕ ਵਿਚ ਬਹੁਤ ਜਲਦੀ ਇਕ ਆਧੁਨਿਕ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਵਿਚ ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਲਈ ਦੇਸ਼ ਭਗਤੀ, ਇਤਿਹਾਸ, ਮਹਾਨ ਸ਼ਹੀਦਾਂ ਦੀਆਂ ਜੀਵਨੀਆਂ ਅਤੇ ਆਮ ਗਿਆਨ ਨਾਲ ਸੰਬੰਧਿਤ ਕਿਤਾਬਾਂ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੇ ਦੇਸ਼ ਅਤੇ ਇਤਿਹਾਸ ਨਾਲ ਜੋੜਨਾ ਹੈ ਤਾਂ ਜੋ ਉਹ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈ ਸਕਣ। ਇਸ ਦੇ ਨਾਲ ਹੀ ਸ਼ਹੀਦੀ ਪਾਰਕ ਨੂੰ ਇਕ ਸੁੰਦਰ, ਸ਼ਾਂਤ ਅਤੇ ਆਦਰਯੋਗ ਤੀਰਥ ਸਥਾਨ ਦੇ ਰੂਪ ਵਿਚ ਵਿਕਸਤ ਕਰਨ ਦਾ ਪ੍ਰਣ ਵੀ ਉਨ੍ਹਾਂ ਵੱਲੋਂ ਕੀਤਾ ਗਿਆ। ਅਭਿਸ਼ੇਕ ਜਿੰਦਲ ਨੇ ਕਿਹਾ ਕਿ ਭਵਿੱਖ ਵਿਚ ਕਮੇਟੀ ਵੱਲੋਂ ਪੀੜਤ ਪਰਿਵਾਰਾਂ ਦੀ ਸਹਾਇਤਾ, ਸਮਾਜਿਕ ਸੇਵਾ, ਸਿੱਖਿਆ ਅਤੇ ਸੱਭਿਆਚਾਰਕ ਕਾਰਜਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ। ਮੀਟਿੰਗ ਦੇ ਅੰਤ ਵਿਚ ਸਾਰੇ ਮੈਂਬਰਾਂ ਨੇ ਨਵੇਂ ਪ੍ਰਧਾਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ।