ਗ੍ਰੰਥੀ ਸਿੰਘਾਂ ਦੀ ਪ੍ਰਤਿਭਾ ਨਿਖਾਰਨ ਲਈ ਕਿਸ਼ਨਪੁਰਾ ਕਲਾਂ ਵਿਖੇ ਵਰਕਸ਼ਾਪ ਬਾਬਾ ਬੁੱਢਾ ਜੀ ਗ੍ਰੰਥੀ ਭਲਾਈ ਚੈਰੀਟੇਬਲ
Publish Date: Tue, 20 Oct 2026 04:37 PM (IST)
Updated Date: Wed, 21 Oct 2026 04:01 AM (IST)
ਬਾਬਾ ਬੁੱਢਾ ਜੀ ਗ੍ਰੰਥੀ ਭਲਾਈ ਚੈਰੀਟੇਬਲ ਟਰੱਸਟ ਦੇ ਉਪਰਾਲੇ ਦੀ ਮਹਾਪੁਰਖਾਂ ਵੱਲੋਂ ਸ਼ਲਾਘਾ ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ, ਮੋਗਾ : ਬਾਬਾ ਬੁੱਢਾ ਜੀ ਗ੍ਰੰਥੀ ਭਲਾਈ ਚੈਰੀਟੇਬਲ ਟਰੱਸਟ ਵੱਲੋਂ ਗ੍ਰੰਥੀ ਸਿੰਘਾਂ ਦੀ ਪ੍ਰਤਿਭਾ ਨੂੰ ਨਿਖਾਰਨ, ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਉੱਚੇ-ਸੁੱਚੇ ਸਦਗੁਣਾਂ ਦਾ ਧਾਰਨੀ ਬਣਾਉਣ ਦੇ ਉਦੇਸ਼ ਨਾਲ ਪੰਥਕ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਕਲਾਂ ਵਿਖੇ ਵਿਸ਼ੇਸ਼ ਵਰਕਸ਼ਾਪ ਲਗਾਈ ਗਈ। ਮਹਾਪੁਰਖ ਸੰਤ ਗੁਰਮੀਤ ਸਿੰਘ ਜੀ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਰਕਸ਼ਾਪ ’ਚ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਅਤੇ ਗ੍ਰੰਥੀ ਸਿੰਘਾਂ ਨੇ ਸ਼ਮੂਲੀਅਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਗਿਆਨੀ ਅਜੀਤ ਸਿੰਘ ਖੋਸਾ ਕੋਟਲਾ ਅਤੇ ਸੰਤ ਹਰਚੰਦ ਸਿੰਘ ਜੀ ਖੋਸਾ ਕੋਟਲਾ ਪਹੁੰਚੇ। ਵਰਕਸ਼ਾਪ ਦੌਰਾਨ ਬੁਲਾਰਿਆਂ ਨੇ ਗ੍ਰੰਥੀ ਸਿੰਘਾਂ ਦੀਆਂ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਗ੍ਰੰਥੀ ਸਿੰਘਾਂ ਦੀ ਸ਼ਖ਼ਸੀਅਤ ਉਸਾਰੀ, ਗੁਰਮਤਿ ਗਿਆਨ ਦੇ ਪ੍ਰਸਾਰ ਅਤੇ ਸਿੱਖ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਵਰਕਸ਼ਾਪ ’ਚ ਗਿਆਨੀ ਹਰਜਿੰਦਰ ਸਿੰਘ ਮੱਦੋਕੇ, ਭਾਈ ਦਰਸ਼ਨ ਸਿੰਘ ਢੁੱਡੀਕੇ, ਭਾਈ ਗੁਰਜੰਟ ਸਿੰਘ ਨੱਥੂਵਾਲਾ, ਭਾਈ ਇੰਦਰਜੀਤ ਸਿੰਘ ਰਾਮਾ, ਭਾਈ ਜਸਵੀਰ ਸਿੰਘ ਚਕਰ, ਪਰਮਜੀਤ ਸਿੰਘ ਲੋਪੋ, ਸੁਖਮੰਦਰ ਸਿੰਘ ਮਾਣੂਕੇ ਗਿੱਲ, ਭਾਈ ਗੁਰਨਾਮ ਸਿੰਘ ਪੱਕਾ, ਜਗਮੀਤ ਸਿੰਘ ਮੱਲਕੇ ਅਤੇ ਗਿਆਨੀ ਅਜੀਤ ਸਿੰਘ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਕਿਹਾ ਕਿ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬਾਨ ਵਿੱਚ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਅਤੇ ਧਾਰਮਿਕ ਮਰਿਆਦਾ ਕਾਇਮ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਉਨ੍ਹਾਂ ਦੇ ਗਿਆਨ, ਸੇਵਾ ਭਾਵਨਾ, ਨਿਮਰਤਾ ਅਤੇ ਨੈਤਿਕ ਗੁਣਾਂ ਵਿੱਚ ਨਿਰੰਤਰ ਵਾਧਾ ਕਰਨਾ ਸਮੇਂ ਦੀ ਅਹਿਮ ਲੋੜ ਹੈ। ਅਜਿਹੀਆਂ ਵਰਕਸ਼ਾਪਾਂ ਗ੍ਰੰਥੀ ਸਿੰਘਾਂ ਨੂੰ ਆਪਣੇ ਫਰਜ਼ਾਂ ਪ੍ਰਤੀ ਹੋਰ ਸੁਚੇਤ ਕਰਨ ਅਤੇ ਪੰਥਕ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਈ ਸਿੱਧ ਹੁੰਦੀਆਂ ਹਨ। ਇਸ ਮੌਕੇ ਭਾਈ ਜਗਜੀਤ ਸਿੰਘ ਕਿਸ਼ਨਪੁਰਾ ਨੇ ਪਹੁੰਚੀਆਂ ਧਾਰਮਿਕ ਸ਼ਖ਼ਸੀਅਤਾਂ, ਗ੍ਰੰਥੀ ਸਿੰਘਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮਹਾਪੁਰਖਾਂ ਵੱਲੋਂ ਫਲਾਂ ਦਾ ਲੰਗਰ ਲਗਾਇਆ ਗਿਆ, ਜਦਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਗਈ। ਸਮੁੱਚਾ ਸਮਾਗਮ ਧਾਰਮਿਕ ਮਾਹੌਲ ਅਤੇ ਸੇਵਾ ਭਾਵਨਾ ਨਾਲ ਸੰਪੰਨ ਹੋਇਆ।