- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਦਲਦੇ ਵਿਸ਼ਵ ਪੱਧਰੀ ਹਾਲਾਤਾਂ ਵਿਚ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਬਦਲਦੇ ਵਿਸ਼ਵ ਪੱਧਰੀ ਹਾਲਾਤਾਂ ਵਿਚ ਕਰੀਅਰ ਦੀਆਂ ਸੰਭਾਵਨਾਵਾਂ ਹੁਣ ਕਿਸੇ ਇਕ ਸ਼ਹਿਰ, ਦੇਸ਼ ਜਾਂ ਰਵਾਇਤੀ ਕਿੱਤੇ ਤੱਕ ਸੀਮਤ ਨਹੀਂ ਰਹੀਆਂ। ਡਿਜੀਟਲ ਕ੍ਰਾਂਤੀ, ਆਰਟੀਫਿਸ਼ਲ ਇੰਟੈਲੀਜੈਂਸ, ਆਧੁਨਿਕ ਤਕਨਾਲੋਜੀ ਅਤੇ ਅੰਤਰਰਾਸ਼ਟਰੀ ਸੰਪਰਕਾਂ ਨੇ ਨੌਜਵਾਨਾਂ ਲਈ ਦੁਨੀਆਂ ਭਰ ਵਿਚ ਆਪਣੀ ਪ੍ਰਤਿਭਾ ਦਿਖਾਉਣ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ। ਇਸੇ ਵਿਸ਼ਵ ਪੱਧਰੀ ਸੋਚ ਅਤੇ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਸਥਾਨਕ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਲਈ ਵਿਸ਼ੇਸ਼ ਕਰੀਅਰ ਗਾਈਡੈਂਸ, ਪ੍ਰੇਰਣਾਦਾਇਕ ਅਤੇ ਗਲੋਬਲ ਅਪਾਰਚਿਊਨਿਟੀਜ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਡਿਜੀਟਲ ਥੀਏਟਰ ਹਾਊਸ ਵਿਚ ਕਰਵਾਏ ਗਏ ਇਸ ਗਿਆਨਵਰਧਕ ਸੈਸ਼ਨ ਵਿਚ ਪਲੱਸ ਵਨ ਅਤੇ ਪਲੱਸ ਟੂ ਦੇ ਸਾਇੰਸ, ਕਾਮਰਸ ਅਤੇ ਲੀਗਲ ਸਟੱਡੀਜ਼ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਰਕਸ਼ਾਪ ਦਾ ਸੰਚਾਲਨ ਸੰਜੀਵ ਸਾਹਨੀ, ਵਾਈਸ ਪ੍ਰੈਜ਼ੀਡੈਂਟ ਆਫਿਸ ਆਫ ਇੰਟਰਨੈਸ਼ਨਲ ਅਫੇਅਰਜ਼ ਐਂਡ ਸਟ੍ਰੈਟੇਜਿਕ ਇਨੀਸ਼ੀਏਟਿਵਜ਼ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਅੰਤਰਰਾਸ਼ਟਰੀ ਕਰੀਅਰ, ਡਿਜੀਟਲ ਪਲੇਟਫਾਰਮ, ਉੱਦਮਤਾ ਅਤੇ ਵਿਸ਼ਵ ਪੱਧਰੀ ਰੁਜ਼ਗਾਰ ਦੀਆਂ ਬਦਲਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਇੰਟਰਨੈੱਟ, ਡਿਜੀਟਲ ਤਕਨਾਲੋਜੀ ਅਤੇ ਵਿਸ਼ਵ ਪੱਧਰੀ ਵਪਾਰਕ ਨੈੱਟਵਰਕ ਨੇ ਭਾਰਤੀ ਨੌਜਵਾਨਾਂ ਲਈ ਆਪਣੇ ਦੇਸ਼ ਵਿਚ ਰਹਿੰਦਿਆਂ ਹੀ ਅੰਤਰਰਾਸ਼ਟਰੀ ਬਾਜ਼ਾਰ ਨਾਲ ਜੁੜਨ ਦੇ ਅਨੇਕਾਂ ਮੌਕੇ ਪੈਦਾ ਕੀਤੇ ਹਨ। ਹੁਣ ਕਿਸੇ ਵਿਦਿਆਰਥੀ ਜਾਂ ਨੌਜਵਾਨ ਪੇਸ਼ੇਵਰ ਲਈ ਵਿਦੇਸ਼ੀ ਮੁਦਰਾ ਵਿੱਚ ਆਮਦਨ ਕਮਾਉਣ ਵਾਸਤੇ ਵਿਦੇਸ਼ ਜਾਣਾ ਲਾਜ਼ਮੀ ਨਹੀਂ ਹੈ। ਆਪਣੀ ਯੋਗਤਾ, ਮੁਹਾਰਤ ਅਤੇ ਡਿਜੀਟਲ ਹੁਨਰ ਦੇ ਆਧਾਰ ’ਤੇ ਉਹ ਭਾਰਤ ਵਿਚ ਰਹਿ ਕੇ ਵੀ ਵਿਦੇਸ਼ੀ ਕੰਪਨੀਆਂ, ਗਾਹਕਾਂ, ਸੰਸਥਾਵਾਂ ਅਤੇ ਕਾਰੋਬਾਰੀਆਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਸਕਦਾ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਕੁਮਾਰ ਗਰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੇ ਮੁਕਾਬਲੇਬਾਜ਼ੀ ਅਤੇ ਤਕਨਾਲੋਜੀ ਆਧਾਰਿਤ ਯੁੱਗ ਵਿਚ ਵਿਦਿਆਰਥੀਆਂ ਨੂੰ ਸਿਰਫ਼ ਪਾਠਕ੍ਰਮ ਤੱਕ ਸੀਮਤ ਗਿਆਨ ਦੇਣਾ ਕਾਫ਼ੀ ਨਹੀਂ ਹੈ। ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਹੋ ਰਹੀਆਂ ਤਬਦੀਲੀਆਂ, ਰੁਜ਼ਗਾਰ ਦੇ ਨਵੇਂ ਰੂਪਾਂ, ਡਿਜੀਟਲ ਅਰਥਵਿਵਸਥਾ ਅਤੇ ਭਵਿੱਖ ਦੀਆਂ ਲੋੜਾਂ ਪ੍ਰਤੀ ਜਾਗਰੂਕ ਕਰਨਾ ਵੀ ਬੇਹੱਦ ਜ਼ਰੂਰੀ ਹੈ। ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਨੇ ਵਿਸ਼ਵ ਪੱਧਰੀ ਕਰੀਅਰ ਵਿਕਲਪਾਂ, ਡਿਜੀਟਲ ਪਛਾਣ, ਉੱਚ ਸਿੱਖਿਆ ਅਤੇ ਉੱਦਮਤਾ ਨਾਲ ਜੁੜੀਆਂ ਕਈ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕੀਤੀਆਂ।