- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਰਦੀ ਨਵਰਾਤਰਿਆਂ ਦੇ ਪਾਵਨ ਮੌਕੇ ’ਤੇ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਸ਼ਾਰਦੀ ਨਵਰਾਤਰਿਆਂ ਦੇ ਪਾਵਨ ਮੌਕੇ ’ਤੇ ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਵੱਲੋਂ 11 ਤੋਂ 20 ਅਕਤੂਬਰ ਤੱਕ ਪੁਰਾਣੀ ਦਾਣਾ ਮੰਡੀ ਵਿਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ‘ਮੇਲੇ ਮਈਆ ਦੇ’ ਦੇ ਸਬੰਧ ਵਿਚ ਮਾਂ ਭਗਵਤੀ ਦੀਆਂ 26 ਸ਼ਕਤੀਪੀਠਾਂ ਤੋਂ ਆਈਆਂ ਪਾਵਨ ਜੋਤਾਂ ਦੇ ਸਵਾਗਤ ਲਈ ਗੀਤਾ ਭਵਨ ਦੀ ਬੈਕਸਾਈਡ ’ਤੇ ਸਵਾਗਤਮ ਚੌਂਕੀ ਕਰਵਾਈ ਗਈ। ਸਭ ਤੋਂ ਪਹਿਲਾਂ ਪੰਡਤ ਰਾਹੁਲ ਗੌੜ ਦੀ ਅਗਵਾਈ ਹੇਠ ਯਜਮਾਨ ਸਮਾਜ ਸੇਵੀ ਸੁਰਿੰਦਰ ਗੋਇਲ ਅਤੇ ਉਰਮਿਲਾ ਰਾਣੀ ਨੇ ਆਪਣੇ ਪਰਿਵਾਰ ਸਮੇਤ ਮਾਂ ਭਗਵਤੀ ਦੇ ਦਰਬਾਰ ਵਿਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਜਲੰਧਰ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਭਜਨ ਗਾਇਕਾ ਰੇਖਾ ਸ਼ਰਮਾ ਨੇ ਭੇਟਾਂ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸ ਦੌਰਾਨ ਮਾਂ ਭਗਵਤੀ ਦੀਆਂ 26 ਸ਼ਕਤੀਪੀਠਾਂ ਅਤੇ ਪਵਿੱਤਰ ਧਾਰਮਿਕ ਅਸਥਾਨਾਂ ਤੋਂ ਲਿਆਂਦੀਆਂ ਪਾਵਨ ਜੋਤਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਇਨ੍ਹਾਂ ਵਿਚ ਮਾਂ ਚਿੰਤਪੂਰਨੀ ਧਾਮ, ਜਵਾਲਾ ਜੀ ਧਾਮ, ਮਾਤਾ ਵੈਸ਼ਨੋ ਦੇਵੀ, ਮਾਤਾ ਤ੍ਰਿਪੁਰਮਾਲਿਨੀ ਦੇਵੀ, ਮਾਂ ਬਗਲਾਮੁਖੀ ਦੇਵੀ, ਮਾਂ ਕਾਂਗੜਾ ਦੇਵੀ, ਮਾਂ ਚਾਮੁੰਡਾ ਦੇਵੀ, ਮਾਂ ਕੁੰਜਾਪਥਰੀ ਦੇਵੀ, ਮਾਂ ਮਨਸਾ ਦੇਵੀ, ਮਾਂ ਕਾਲੀ ਦੇਵੀ, ਮਾਂ ਭਦਰਕਾਲੀ ਦੇਵੀ, ਮਾਂ ਨੈਣਾ ਦੇਵੀ, ਮਾਂ ਚੰਡੀ ਦੇਵੀ, ਮਾਂ ਕਾਲਕਾ ਦੇਵੀ, ਮਾਂ ਸਰਕੰਡਾ ਦੇਵੀ, ਮਾਂ ਕਰਨੀ ਦੇਵੀ, ਮਾਂ ਬੇਰੀ ਦੇਵੀ, ਮਾਂ ਝੰਡੇਵਾਲੀ ਦੇਵੀ, ਮਾਂ ਕਾਤਿਆਯਨੀ ਦੇਵੀ, ਮਾਂ ਹਿੰਗਲਾਜ ਦੇਵੀ, ਮਾਂ ਸ਼ਾਕੰਭਰੀ ਦੇਵੀ, ਮਾਂ ਸ਼ੀਤਲਾ ਦੇਵੀ, ਮਾਂ ਮਹਾਮਾਇਆ ਦੇਵੀ, ਬਾਬਾ ਭੈਰੋਨਾਥ, ਸ੍ਰੀ ਸਾਲਾਸਰ ਧਾਮ ਅਤੇ ਨੇਪਾਲ ਸਥਿਤ ਮਾਂ ਗਜਸ਼ਵਰੀ ਦੇਵੀ ਦੀਆਂ ਪਾਵਨ ਜੋਤਾਂ ਸ਼ਾਮਲ ਸਨ। ਇਸ ਮੌਕੇ ਸ਼ਰਧਾਲੂਆਂ ਨੂੰ ਅਤੁੱਟ ਪ੍ਰਸ਼ਾਦ ਵੀ ਵੰਡਿਆ ਗਿਆ। ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ ਪੁਰਾਣੀ ਦਾਣਾ ਮੰਡੀ ਵਿੱਚ ਦਸ ਦਿਨਾਂ ਤੱਕ ਧਾਰਮਿਕ ਅਤੇ ਭਗਤੀਮਈ ਮਾਹੌਲ ਬਣਿਆ ਰਹੇਗਾ। ਰੋਜ਼ਾਨਾ ਮਾਤਾ ਦੀ ਚੌਂਕੀ ਵਿਚ ਸ਼ਰਧਾਲੂ ਮਾਂ ਭਗਵਤੀ ਦਾ ਗੁਣਗਾਨ ਕਰਨਗੇ। ਉਨ੍ਹਾਂ ਕਿਹਾ ਕਿ ਸਮਾਗਮ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਕਲੱਬ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ‘ਮੇਲੇ ਮਈਆ ਦੇ’ ਸਮਾਗਮ ਵਿਚ ਪਹੁੰਚਣ, ਮਾਂ ਭਗਵਤੀ ਦੀਆਂ ਪਾਵਨ ਜੋਤਾਂ ਦੇ ਦਰਸ਼ਨ ਕਰਨ ਅਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।