ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣ ਦਾ ਕੀਤਾ ਵਿਰੋਧ ਬਲਾਕ ਨਿਹਾਲ ਸਿੰਘ ਵਾਲਾ ਦੀਆਂ
Publish Date: Wed, 23 Sep 2026 03:43 PM (IST)
Updated Date: Wed, 23 Sep 2026 03:45 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਬਲਾਕ ਨਿਹਾਲ ਸਿੰਘ ਵਾਲਾ ਦੀਆਂ ਸਮੂਹ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਅਮਨਦੀਪ ਮਾਛੀਕੇ, ਗੁਰਮੀਤ ਸਿੰਘ ਝੋਰੜਾਂ, ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ, ਸਵਰਨ ਸਿੰਘ, ਸੁਖਜੀਤ ਸਿੰਘ ਕੁੱਸਾ, ਅਮਰਜੀਤ ਕੌਰ ਪੱਤੋ, ਸੁਖਮੰਦਰ ਸਿੰਘ ਰਣਸੀਂਹ ਦੀ ਅਗਵਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਿਹਾਲ ਸਿੰਘ ਵਾਲਾ ਦੇਵੀ ਪ੍ਰਸ਼ਾਦ ਨੂੰ ਅਧਿਆਪਕਾਂ ਦੀਆਂ ਜ਼ਬਰਦਸਤੀ ਰਾਸ਼ਨ ਕਾਰਡ ਵੈਰੀਫਿਕੇਸ਼ਨ ਕਰਨ ਲਈ ਲਗਾਈਆਂ ਡਿਊਟੀਆਂ ਅਤੇ ਅਧਿਆਪਕਾਂ ’ਤੇ ਪਾਏ ਹੋਰ ਗੈਰ ਵਿੱਦਿਅਕ ਕੰਮਾਂ ਦੇ ਸੰਬੰਧ ਵਿਚ ਮਿਲਿਆ। ਆਗੂਆਂ ਨੇ ਕਿਹਾ ਕਿ ਅੰਤਾਂ ਦੇ ਭਾਰ ਕਾਰਨ ਵਿਦਿਆਰਥੀਆਂ ਦੀ ਸਿੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਜਿਸ ਦੇ ਮੱਦੇ ਨਜ਼ਰ ਉਨ੍ਹਾਂ ਵੱਲੋਂ ਪੰਜਾਬ ਪੱਧਰੀ ਸਮੂੰਹ ਅਧਿਆਪਕ ਜਥੇਬੰਦੀਆਂ ਦੇ ਫੈਂਸਲੇ ਅਨੁਸਾਰ ਅਧਿਆਪਕ ਅਤੇ ਸਕੂਲ ਮੁਖੀਆਂ ਉੱਪਰ ਜ਼ਬਰੀ ਥੋਪੇ ਜਾਂਦੇ ਗੈਰ ਵਿੱਦਿਅਕ ਕੰਮ, ਜਿਸ ਵਿਚ ਬੇਲੋੜੀਆਂ ਡਾਕਾਂ ਤਿਆਰ ਕਰਨਾ, ਗੂਗਲ ਫਾਰਮ ਭਰਨੇ, ਵੱਖ-ਵੱਖ ਆਨਲਾਈਨ ਪੋਰਟਲਾਂ ਉੱਪਰ ਬੇਲੋੜੇ ਅੰਕੜੇ ਭਰਨੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਬਾਹਰ ਸੱਦ ਕੇ ਵੱਖ-ਵੱਖ ਕਿਸਮ ਦੇ ਸਰਵੇ ਦੀਆਂ ਲਗਾਈਆਂ ਜਾਂਦੀਆਂ ਡਿਊਟੀਆਂ ਸ਼ਾਮਲ ਹਨ, ਦਾ ਮੁਕੰਮਲ ਬਾਈਕਾਟ ਕਰਕੇ ਕੇਵਲ ਵਿਦਿਆਰਥੀਆਂ ਨੂੰ ਸਕੂਲ ਵਿਚ ਪੜ੍ਹਾਉਣ ਦੇ ਮੁੱਖ ਕਾਰਜ ਉੱਪਰ ਹੀ ਆਪਣਾ ਪੂਰਾ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਤਰ੍ਹਾਂ ਅਧਿਆਪਕ ਹੁਣ ਅੱਗੇ ਤੋ ਵੱਖ-ਵੱਖ ਕੰਮਾਂ ਤੇ ਲਗਾਈਆਂ ਜਾਣ ਵਾਲੀਆਂ ਗੈਰ ਵਿਦਿਅਕ ਡਿਊਟੀਆਂ ਦਾ ਮੁਕੰਮਲ ਬਾਈਕਾਟ ਰੱਖਣਗੇ। ਇਸਦੇ ਨਾਲ ਹੀ ਜੇਕਰ ਸਿੱਖਿਆ ਵਿਭਾਗ ਵੱਲੋਂ ਮਿਡ ਡੇ ਮੀਲ, ਸਕੂਲੀ ਖੇਡਾਂ ਅਤੇ ਸਕੂਲਾਂ ਦੀ ਸਫ਼ਾਈ ਲਈ ਇਕ ਹਫ਼ਤੇ ਦੇ ਅੰਦਰ ਫੰਡ ਜਾਰੀ ਨਾ ਕੀਤੇ ਅਤੇ ਪਿਛਲੇ ਬਕਾਇਆਂ ਦਾ ਭੁਗਤਾਨ ਨਾ ਕੀਤਾ ਤਾਂ ਇਹ ਤਿੰਨੋ ਕੰਮ ਮੁਕੰਮਲ ਤੌਰ ਤੇ ਬੰਦ ਕੀਤੇ ਜਾਣਗੇ। ਜੀਐੱਸਟੀ ਬਿੱਲ ਬਿਲਕੁੱਲ ਨਹੀਂ ਦਿਤੇ ਜਾਣਗੇ। ਆਗੂਆਂ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਪਿਛਲੇ ਪੰਜ ਮਹੀਨਿਆਂ ਤੋਂ ਆਪਣੀਆਂ ਜੇਬਾਂ ’ਚੋਂ ਪੈਸਾ ਖ਼ਰਚ ਕਰਕੇ ਮਿਡ ਡੇ ਮੀਲ ਦਾ ਕੰਮ ਚਲਾਇਆ ਜਾ ਰਿਹਾ ਹੈ, ਜਿਸ ਨੂੰ ਹੋਰ ਅੱਗੇ ਜਾਰੀ ਰੱਖਣਾ ਜਾਂ ਨਹੀਂ ਰੱਖਣਾ ਅਗਲੇ ਇਕ ਹਫ਼ਤੇ ਬਾਅਦ ਹੁਣ ਪੰਜਾਬ ਸਰਕਾਰ ਦੀ ਜਿੰਮੇਵਾਰੀ ਹੋਵੇਗੀ। ਖੇਡਾਂ ਵਤਨ ਪੰਜਾਬ ਵਿੱਚ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਵਧਾਉਣ ਲਈ ਪਾਏ ਜਾ ਰਹੇ ਕਿਸੇ ਵੀ ਦਬਾਅ ਨੂੰ ਪ੍ਰੀਖਿਆਵਾਂ ਦੇ ਇੰਨ੍ਹਾਂ ਦਿਨਾਂ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਵਿਦਿਆਰਥੀਆਂ ਦੀ ਇਹਨਾਂ ਖੇਡਾਂ ਵਿੱਚ ਹਿੱਸੇਦਾਰੀ ਨੂੰ ਸਕੂਲਾਂ ਲਈ ਪੂਰੀ ਤਰ੍ਹਾਂ ਸਵੈ-ਇੱਛੁਕ ਰੱਖਣ ਤੇ ਪਹਿਰਾ ਦਿੱਤਾ ਜਾਵੇਗਾ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਬਹਾਲੀ , ਕੱਚੇ ਮੁਲਾਜ਼ਮ ਪੱਕੇ ਕਰਨਾ , ਏਸੀਪੀ ਸਕੀਮ ਬਹਾਲ ਕਰਨਾ , ਡੀਏ ਦੇ ਮੁਕੰਮਲ ਬਕਾਏ ਜਾਰੀ ਕਰਨਾ ਆਦਿਕ ਮਸਲੇ ਤੁਰੰਤ ਹੱਲ ਕਰੇ । ਇਸ ਮੌਕੇ ਹੀਰਾ ਸਿੰਘ ਢਿਲੋਂ, ਨਵਦੀਪ ਸਿੰਘ ਧੂੜਕੋਟ, ਕਰਮਜੀਤ ਸਿੰਘ, ਸੁਖਪ੍ਰੀਤ ਸਿੰਘ, ਕਮਲਜੀਤ ਸਿੰਘ, ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।