ਵਿਅੰਗਕਾਰ ਕੇਐੱਲ ਗਰਗ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ 18 ਨੂੰ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ
Publish Date: Sat, 10 Oct 2026 06:31 PM (IST)
Updated Date: Sun, 11 Oct 2026 04:05 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਮੋਗਾ : ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਮੋਗਾ ਦੀਆਂ ਸਮੂਹ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਪਿਛਲੇ ਦਿਨੀ ਵਿਛੋੜਾ ਦੇ ਗਏ ਪ੍ਰਸਿੱਧ ਵਿਅੰਗਕਾਰ ਕੇਐੱਲ ਗਰਗ ਦੀ ਯਾਦ ਵਿਚ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ਸੰਬੰਧੀ ਡਾ ਅਜੀਤਪਾਲ ਸਿੰਘ ਜਟਾਣਾ ਜ਼ਿਲ੍ਹਾ ਭਾਸ਼ਾ ਅਫਸਰ ਵੱਲੋਂ ਨੇਚਰ ਪਾਰਕ ਮੋਗਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸ਼ਾਮਲ ਲੇਖਕਾਂ ਨਾਲ ਵਿਚਾਰ ਕਰਨ ਉਪਰੰਤ ਸਰਬ ਸੰਮਤੀ ਨਾਲ ਸਮਾਗਮ ਦੀ ਰੂਪ ਰੇਖਾ ਤਿਆਰ ਕੀਤੀ ਗਈ। ਮੀਟਿੰਗ ਵਿਚ ਫੈਸਲਾ ਹੋਇਆ ਕਿ ਸਮਾਗਮ 18 ਅਕਤੂਬਰ ਦਿਨ ਐਤਵਾਰ ਨੂੰ ਐੱਸਡੀ ਪਬਲਿਕ ਸਕੂਲ ਨਿਊ ਟਾਊਨ ਮੋਗਾ ਵਿਖੇ ਬਾਅਦ ਦੁਪਹਿਰ 2 ਵਜੇ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਸਵਰਗੀ ਕੇ ਐੱਲ ਗਰਗ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ/ ਲੇਖਕਾਂ ਵੱਲੋਂ ਗਰਗ ਦੀ ਜੀਵਨੀ, ਪ੍ਰਾਪਤੀਆਂ ਤੇ ਸਾਹਿਤਕ ਯੋਗਦਾਨ ਸੰਬੰਧੀ ਵਿਚਾਰਾਂ/ਰਚਨਾਵਾਂ ਸਾਂਝੀਆਂ ਕੀਤੀਆਂ ਜਾਣਗੀਆਂ। ਇਸ ਮੀਟਿੰਗ ਵਿਚ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਪ੍ਰਸਿੱਧ ਲੇਖਕ ਤੇ ਆਲੋਚਕ ਡਾ. ਸੁਰਜੀਤ ਬਰਾੜ, ਨਵਨੀਤ ਸਿੰਘ ਸੇਖਾ, ਕਹਾਣੀਕਾਰ ਗੁਰਮੀਤ ਕੜਿਆਲਵੀ, ਡਾ. ਹਰਨੇਕ ਸਿੰਘ ਰੋਡੇ, ਗੁਰਚਰਨ ਸਿੰਘ ਸੰਘਾ, ਜੰਗੀਰ ਸਿੰਘ ਖੋਖਰ, ਦਰਸ਼ਨ ਸੰਘਾ, ਗੁਰਮੀਤ ਸਿੰਘ, ਗਿਆਨ ਸਿੰਘ ਸਾਬਕਾ ਡੀਪੀਆਰਓ ਤੇ ਵਿਜੇ ਕੁਮਾਰ ਸ਼ਾਮਿਲ ਸਨ।