ਅੰਤਰਰਾਸ਼ਟਰੀ ਆਫ਼ਤ ਜੋਖ਼ਮ ਘਟਾਓ ਦਿਵਸ ਮੌਕੇ ਵਿਸ਼ੇਸ਼ ਸਭਾ ਬਲੂਮਿੰਗ ਬਡਜ਼ ਸਕੂਲ ਮੋਗਾ
Publish Date: Tue, 13 Oct 2026 03:58 PM (IST)
Updated Date: Wed, 14 Oct 2026 04:03 AM (IST)
ਵਿਦਿਆਰਥੀਆਂ ਨੇ ਆਫ਼ਤ ਪ੍ਰਬੰਧਨ, ਸੁਰੱਖਿਆ ਉਪਾਵਾਂ ਤੇ ਜੋਖ਼ਮ ਘਟਾਉਣ ਬਾਰੇ ਦਿੱਤੀ ਜਾਣਕਾਰੀ ਸਟਾਫ਼ ਰਿਪੋਰਟਰ, ਪੰਜਾਬੀ ਜਗਰਣ, ਮੋਗਾ : ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਗੁਰੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਅੰਤਰਰਾਸ਼ਟਰੀ ਆਫ਼ਤ ਜੋਖ਼ਮ ਘਟਾਓ ਦਿਵਸ ਮੌਕੇ ਵਿਸ਼ੇਸ਼ ਸਵੇਰ ਦੀ ਸਭਾ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ ਨੇ ਆਰਟੀਕਲ ਤੇ ਚਾਰਟ ਰਾਹੀਂ ਇਸ ਦਿਨ ਦੀ ਮਹੱਤਤਾ, ਇਤਿਹਾਸ ਤੇ ਆਫ਼ਤ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਭੂਚਾਲ, ਹੜ੍ਹ, ਅੱਗ ਤੇ ਹੋਰ ਕੁਦਰਤੀ ਜਾਂ ਮਨੁੱਖੀ ਕਾਰਨਾਂ ਕਰ ਕੇ ਪੈਦਾ ਹੋਣ ਵਾਲੀਆਂ ਆਫ਼ਤਾਂ ਦੌਰਾਨ ਸਾਵਧਾਨੀਆਂ ਵਰਤਣ ਤੇ ਜਾਨੀ-ਮਾਲੀ ਨੁਕਸਾਨ ਨੂੰ ਘਟਾਉਣ ਦੇ ਤਰੀਕਿਆਂ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਨਿਧੀ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਫ਼ਤ ਪ੍ਰਬੰਧਨ ਸਿਰਫ਼ ਸਰਕਾਰੀ ਏਜੰਸੀਆਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ, ਅਨੁਸ਼ਾਸਨ ਅਤੇ ਸਮੇਂ ਸਿਰ ਲਏ ਗਏ ਸਹੀ ਫ਼ੈਸਲੇ ਸੰਕਟ ਦੇ ਸਮੇਂ ਕੀਮਤੀ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਤੇ ਸਮਾਜ ਵਿਚ ਵੀ ਆਫ਼ਤਾਂ ਤੋਂ ਬਚਾਅ ਸਬੰਧੀ ਜਾਣਕਾਰੀ ਸਾਂਝੀ ਕਰਨ ਅਤੇ ਇਕ ਜ਼ਿੰਮੇਵਾਰ ਤੇ ਜਾਗਰੂਕ ਨਾਗਰਿਕ ਬਣਨ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਜ਼ ਸਕੂਲ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਆਫ਼ਤਾਂ ਨਾਲ ਨਜਿੱਠਣ ਲਈ ਤਿਆਰ ਕਰਨ ਵਾਸਤੇ ਸਮੇਂ-ਸਮੇਂ ਤੇ ਆਫ਼ਤ ਪ੍ਰਬੰਧਨ ਅਤੇ ਅੱਗ ਤੋਂ ਬਚਾਅ ਸਬੰਧੀ ਮੌਕ ਡ੍ਰਿੱਲਾਂ ਵੀ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਅਭਿਆਸਾਂ ਰਾਹੀਂ ਵਿਦਿਆਰਥੀਆਂ ਨੂੰ ਐਮਰਜੈਂਸੀ ਸਥਿਤੀਆਂ ਵਿਚ ਸੁਰੱਖਿਅਤ ਬਾਹਰ ਨਿਕਲਣ, ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸੂਝ-ਬੂਝ ਨਾਲ ਕੰਮ ਲੈਣ ਬਾਰੇ ਵਿਹਾਰਕ ਜਾਣਕਾਰੀ ਦਿੱਤੀ ਜਾਂਦੀ ਹੈ। ਸਕੂਲ ਦਾ ਇਹ ਉਪਰਾਲਾ ਵਿਦਿਆਰਥੀਆਂ ਵਿਚ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਦਾ ਹਿੰਮਤ ਤੇ ਸਮਝਦਾਰੀ ਨਾਲ ਸਾਹਮਣਾ ਕਰਨ ਦੀ ਸਮਰੱਥਾ ਵਿਕਸਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ।