ਦਿ ਲਰਨਿੰਗ ਫੀਲਡ ਸਕੂਲ ਵਿਖੇ ਫੂਡ ਫਾਰ ਲਾਈਫ ਵਿਸ਼ੇ ’ਤੇ ਵਿਸ਼ੇਸ਼ ਸਭਾ ਸਥਾਨਕ 'ਦ ਲਰਨਿੰਗ ਫੀਲਡ ਏ
Publish Date: Tue, 13 Oct 2026 03:38 PM (IST)
Updated Date: Wed, 14 Oct 2026 04:03 AM (IST)
ਨੰਨ੍ਹੇ ਬੱਚਿਆਂ ਨੇ ਨਾਟਕਾਂ ਤੇ ਭਾਸ਼ਣਾਂ ਰਾਹੀਂ ਦਿੱਤਾ ਸੰਤੁਲਿਤ ਖੁਰਾਕ ਦਾ ਸੁਨੇਹਾ, ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਸਥਾਨਕ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਫੂਡ ਫਾਰ ਲਾਈਫ ਵਿਸ਼ੇ ਤੇ ਇਕ ਵਿਸ਼ੇਸ਼ ਸਵੇਰ ਦੀ ਸਭਾ ਕਰਵਾਈ ਗਈ। ਇਸ ਸਭਾ ਦਾ ਮੁੱਖ ਉਦੇਸ਼ ਬੱਚਿਆਂ ਵਿਚ ਛੋਟੀ ਉਮਰ ਤੋਂ ਹੀ ਸੰਤੁਲਿਤ ਖੁਰਾਕ ਤੇ ਪੌਸ਼ਟਿਕ ਖਾਣ-ਪੀਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਸਵੇਰ ਦੀ ਸਭਾ ਦੌਰਾਨ ਪਹਿਲੀ ਤੇ ਦੂਜੀ ਜਮਾਤ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਹਿੱਸਾ ਲਿਆ। ਬੱਚਿਆਂ ਨੇ ਰੋਜ਼ਾਨਾ ਜੀਵਨ ਵਿਚ ਭੋਜਨ ਦੀ ਮਹੱਤਤਾ ਬਾਰੇ ਸੰਖੇਪ ਭਾਸ਼ਣ ਦਿੱਤੇ। ਆਪਣੇ ਭਾਸ਼ਣਾਂ ਵਿਚ ਉਨ੍ਹਾਂ ਦੱਸਿਆ ਕਿ ਹਰੀਆਂ ਸਬਜ਼ੀਆਂ ਅਤੇ ਤਾਜ਼ੇ ਫ਼ਲ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ, ਸਰੀਰਕ ਵਿਕਾਸ ਠੀਕ ਹੁੰਦਾ ਹੈ ਅਤੇ ਕਈ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਮੌਕੇ ਬੱਚਿਆਂ ਨੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਦਰਸਾਉਂਦਾ ਇੱਕ ਲਘੂ ਨਾਟਕ (ਰੋਲ ਪਲੇਅ) ਵੀ ਪੇਸ਼ ਕੀਤਾ। ਇਸ ਨਾਟਕ ਨੇ ਸਿੱਖਿਆ ਅਤੇ ਮਨੋਰੰਜਨ ਦਾ ਸੁਮੇਲ ਪੇਸ਼ ਕੀਤਾ, ਜਿਸ ਦੀ ਸਾਰਿਆਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਵਿਚ ਅਨੁਸ਼ਾਸਨ, ਸ਼ਿਸ਼ਟਾਚਾਰ ਅਤੇ ਜਮਾਤਾਂ ਦੇ ਡਿਸਪਲੇਅ ਬੋਰਡਾਂ ਨੂੰ ਸੁੰਦਰ ਤੇ ਆਕਰਸ਼ਕ ਬਣਾਈ ਰੱਖਣ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ (ਸਰਟੀਫਿਕੇਟ ਆਫ਼ ਐਪਰੀਸੀਏਸ਼ਨ) ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕਾਂ ਨੇ ਦੁਹਰਾਇਆ ਕਿ ਅਜਿਹੇ ਸਾਰਥਕ ਉਪਰਾਲਿਆਂ ਰਾਹੀਂ ਬੱਚਿਆਂ ’ਚ ਰਚਨਾਤਮਕਤਾ, ਅਨੁਸ਼ਾਸਨ ਅਤੇ ਜੀਵਨ ਦੇ ਜ਼ਰੂਰੀ ਹੁਨਰਾਂ ਦਾ ਵਿਕਾਸ ਲਗਾਤਾਰ ਜਾਰੀ ਰਹੇਗਾ।