- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਸ਼ਾ ਵਿਭਾਗ, ਪੰਜਾਬ ਵੱਲੋਂ ਡੀਐੱਮ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਭਾਸ਼ਾ ਵਿਭਾਗ, ਪੰਜਾਬ ਵੱਲੋਂ ਡੀਐੱਮ ਕਾਲਜ ਮੋਗਾ ਦੇ ਸਹਿਯੋਗ ਨਾਲ ਜ਼ਿਲ੍ਹਾ ਮੋਗਾ ਦੇ ਜੰਮਪਲ, ਪਦਮ ਵਿਭੂਸ਼ਣ ਪੁਰਸਕਾਰ ਜੇਤੂ ਅਤੇ ਵਿਸ਼ਵ ਪ੍ਰਸਿੱਧ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਦੇ 100ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਡਾ. ਕਪਾਨੀ ਦੇ ਜੀਵਨ, ਵਿਗਿਆਨਕ ਪ੍ਰਾਪਤੀਆਂ ਅਤੇ ਵਿਸ਼ਵ ਪੱਧਰ ’ਤੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੌਰਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਜਟਾਣਾ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਅਤੇ ਭਾਸ਼ਾ ਵਿਭਾਗ, ਪੰਜਾਬ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਅਜਿਹੇ ਸਮਾਗਮਾਂ ਦੀ ਮਹੱਤਤਾ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਅਤੇ ਪ੍ਰਾਪਤੀਆਂ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ। ਡੀਐੱਮ ਕਾਲਜ ਦੇ ਪ੍ਰਿੰਸੀਪਲ ਲਲਿਤ ਮੋਹਨ ਗਰਗ ਨੇ ਕਿਹਾ ਕਿ ਇਹ ਸਮੁੱਚੇ ਮੋਗਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਆਪਟੀਕਲ ਫਾਈਬਰ ਵਰਗੀ ਕ੍ਰਾਂਤੀਕਾਰੀ ਤਕਨਾਲੌਜੀ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਵਿਸ਼ਵ ਪ੍ਰਸਿੱਧ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਦਾ ਸਬੰਧ ਮੋਗਾ ਦੀ ਧਰਤੀ ਨਾਲ ਹੈ। ਉਨ੍ਹਾਂ ਕਿਹਾ ਕਿ ਡਾ. ਕਪਾਨੀ ਦੀਆਂ ਪ੍ਰਾਪਤੀਆਂ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ। ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਪ੍ਰੋ. ਗੁਰਪ੍ਰੀਤ ਘਾਲੀ ਨੇ ਮੁੱਖ ਵਕਤਾ ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ ਦੀ ਸ਼ਖ਼ਸੀਅਤ ਅਤੇ ਵਿਸ਼ੇ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ ਨੇ ਡਾ. ਨਰਿੰਦਰ ਸਿੰਘ ਕਪਾਨੀ ਦੇ ਜੀਵਨ, ਖੋਜ ਕਾਰਜਾਂ ਅਤੇ ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਵਿਸਥਾਰਪੂਰਵਕ ਪੇਪਰ ਪੜ੍ਹਿਆ। ਉਨ੍ਹਾਂ ਨੇ ਡਾ. ਕਪਾਨੀ ਦੀਆਂ ਪ੍ਰਾਪਤੀਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਅਪਣਾਉਣ ਅਤੇ ਖੋਜ ਦੇ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪੇਪਰ ਦੀ ਪੇਸ਼ਕਾਰੀ ਉਪਰੰਤ ਵਿਦਿਆਰਥੀਆਂ ਨੇ ਵਿਸ਼ੇ ਨਾਲ ਸਬੰਧਤ ਸਵਾਲ ਪੁੱਛੇ, ਜਿੰਨ੍ਹਾਂ ਦੇ ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ ਨੇ ਤਸੱਲੀਬਖ਼ਸ਼ ਜਵਾਬ ਦਿੱਤੇ। ਇਸ ਨਾਲ ਵਿਦਿਆਰਥੀਆਂ ਨੂੰ ਡਾ. ਕਪਾਨੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਵਿਗਿਆਨਕ ਪ੍ਰਾਪਤੀਆਂ ਨੂੰ ਹੋਰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਲਲਿਤ ਮੋਹਨ ਗਰਗ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਭਾਸ਼ਾ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਇਸ ਤਰ੍ਹਾਂ ਦੇ ਵਿਦਿਅਕ ਅਤੇ ਸਾਹਿਤਕ ਸਮਾਗਮ ਕਰਵਾਏ ਜਾਣਗੇ, ਤਾਂ ਜੋ ਵਿਦਿਆਰਥੀਆਂ ਨੂੰ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਅਤੇ ਯੋਗਦਾਨ ਬਾਰੇ ਜਾਣੂੰ ਕਰਵਾਇਆ ਜਾ ਸਕੇ। ਇਸ ਮੌਕੇ ਡਾ. ਕਰਮਵੀਰ ਕੌਰ, ਡਾ. ਇੰਦਰਪਾਲ ਸਿੰਘ, ਡਾ. ਸੁਖਦੀਪ ਸਿੰਘ, ਡਾ. ਲਵਪ੍ਰੀਤ ਸਿੰਘ, ਸੀਨੀਅਰ ਸਹਾਇਕ ਨਵਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।