ਹਲਕੇ ਦੇ ਲੋਕਾਂ ਦਾ ਸੁਖਬੀਰ ਸਿੰਘ ਬਾਦਲ ਨੂੰ ਸਵਾਲ ? ਸ਼੍ਰੋਮਣੀ ਅਕਾਲੀ ਦਲ ਬਾਦਲ
Publish Date: Tue, 15 Sep 2026 06:41 PM (IST)
Updated Date: Wed, 16 Sep 2026 04:06 AM (IST)
ਕੀ ਹਲਕਾ ਨਿਹਾਲ ਸਿੰਘ ਵਾਲਾ ਅੰਦਰ ਐਸਾ ਕੋਈ ਆਗੂ ਨਹੀਂ ਹੈ ਜੋ ਹਲਕੇ ਦਾ ਇੰਚਾਰਜ ਲਗਾਇਆ ਸਕੇ ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਕਸਬਾ ਬੱਧਨੀ ਕਲਾਂ ਵਿਖੇ ‘ਪੰਜਾਬ ਬਚਾਓ ਰੈਲੀ’ ਕੀਤੀ ਜਾ ਰਹੀ ਹੈ ਜਿਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਹਲਕੇ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਪੁੱਛਣਾ ਚਾਹੁੰਦੇ ਹਨ ਕਿ ਪਾਰਟੀ ਵੱਲੋਂ ਬਾਹਰੀ ਹਲਕੇ ਤੋਂ ਉਮੀਦਵਾਰ ਲਿਆ ਕੇ ਇੱਥੋਂ ਦਾ ਇੰਚਾਰਜ ਲਗਾਇਆ ਗਿਆ ਕੀ ਹਲਕਾ ਨਿਹਾਲ ਸਿੰਘ ਵਾਲਾ ਅੰਦਰ ਐਸਾ ਕੋਈ ਆਗੂ ਨਹੀਂ ਹੈ ਜੋ ਹਲਕੇ ਦਾ ਇੰਚਾਰਜ ਲਗਾਇਆ ਸਕੇ ਅਤੇ ਹਲਕੇ ਦੀ ਵਾਗਡੋਰ ਸਾਂਭ ਸਕਦਾ ਹੋਵੇ। ਲੋਕਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਰੈਲੀ ਨੂੰ ਸੰਬੋਧਨ ਕਰਨ ਮੌਕੇ ਹਲਕੇ ਦੇ ਲੋਕਾਂ ਨੂੰ ਇਸ ਦਾ ਜਵਾਬ ਜ਼ਰੂਰ ਦੇ ਕੇ ਜਾਣ। ਹਲਕਾ ਨਿਹਾਲ ਸਿੰਘ ਵਾਲਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦੀ ਨਿਯੁਕਤੀ ਅਤੇ ਬਾਹਰੀ ਆਗੂ ਨੂੰ ਜ਼ਿੰਮੇਵਾਰੀ ਸੋਂਪਣ ਨੂੰ ਲੈ ਕੇ ਹਲਕੇ ਦੇ ਲੋਕਾਂ ਦੇ ਨਾਲ-ਨਾਲ ਵਰਕਰਾਂ ਤੇ ਸਮਰਥਕਾਂ ’ਚ ਕਈ ਤਰਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਨਿਹਾਲ ਸਿੰਘ ਵਾਲਾ ਦਾ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੂੰ ਲਗਾਇਆ ਗਿਆ ਹੈ ਜੋ ਹਲਕਾ ਧਰਮਕੋਟ ਦਾ ਰਹਿਣ ਵਾਲਾ ਹੈ। ਦੂਜੇ ਪਾਸੇ ਪੁਰਾਣੇ ਅਕਾਲੀ ਵਰਕਰਾਂ ਦਾ ਮੰਨਣਾ ਹੈ ਕਿ ਪਾਰਟੀ ਦੀਆਂ ਜੜਾ ਨੂੰ ਮਜਬੂਤ ਕਰਨ ਲਈ ਹਲਕੇ ਦੇ ਆਗੂਆਂ ਨੂੰ ਅਗਵਾਈ ਮਿਲਣੀ ਚਾਹੀਦੀ ਹੈ ਨਾ ਕਿ ਬਾਹਰੀ ਉਮੀਦਵਾਰਾਂ ਨੂੰ। ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਲੀਡਰਸ਼ਿਪ ਹਲਕੇ ਦੀ ਅਸਲ ਸਥਿਤੀ ਦਾ ਜਾਇਜਾ ਲਵੇ। ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਬਾਹਰੀ ਹਲਕੇ ਤੋਂ ਥਾਪੇ ਗਏ ਹਲਕਾ ਇੰਚਾਰਜ ਵਜੋਂ ਕੰਮ ਕਰ ਰਹੇ ਰਾਜਵਿੰਦਰ ਸਿੰਘ ਧਰਮਕੋਟ ਦਾ ਤਾਲਮੇਲ ਦੀ ਕਮੀ ਕਾਰਨ ਹਲਕੇ ਦੇ ਆਗੂਆਂ ਤੇ ਵਰਕਰਾਂ ਨੂੰ ਹਾਲੇ ਤੱਕ ਨਾਲ ਲੈ ਕੇ ਚੱਲਣ ’ਚ ਕਾਮਯਾਬ ਨਹੀਂ ਹੋ ਸਕੇ ਅਤੇ ਹਲਕੇ ਦੇ ਪਿੰਡਾਂ ’ਚ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨਾ ਤਾਂ ਹਾਲੇ ਦੂਰ ਦੀ ਗੱਲ ਹੈ। ਹਲਕਾ ਇੰਚਾਰਜ ਅਤੇ ਹਲਕੇ ਦੀ ਲੀਡਰਸ਼ਿਪ ਵਿਚਕਾਰ ਆਪਸੀ ਤਾਲਮੇਲ ਦੀ ਘਾਟ ਹੋਣ ਕਾਰਨ ਪਾਰਟੀ ਦੇ ਕਈ ਅਹੁਦੇਦਾਰ ਤੇ ਵਰਕਰ ਅੰਦਰੂਨੀ ਤੌਰ ’ਤੇ ਉਨਾਂ ਦੇ ਨਾਲ ਮਿਲ ਕੇ ਚੱਲਣ ਤੋਂ ਪੈਰ ਪਿੱਛੇ ਨੂੰ ਖਿੱਚਦੇ ਦਿਖਾਈ ਦੇ ਰਹੇ ਹਨ।