- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਗੀ ਗ੍ਰੰਥੀ ਗੁਰਮਤਿ ਸਭਾ ਦੀ ਅਹਿਮ ਮੀਟਿੰਗ

ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ ਮੋਗਾ: ਰਾਗੀ ਗ੍ਰੰਥੀ ਗੁਰਮਤਿ ਸਭਾ ਦੀ ਅਹਿਮ ਮੀਟਿੰਗ ਪਿੰਡ ਚੁੱਘਾ ਖੁਰਦ ਜ਼ਿਲ੍ਹਾ ਮੋਗਾ ਵਿਖੇ ਹੋਈ। ਇਸ ਮੀਟਿੰਗ ਵਿਚ ਗ੍ਰੰਥੀ ਸਿੰਘਾਂ ਨੂੰ ਦਰਪੇਸ਼ ਮੁਸ਼ਕਲਾਂ, ਉਨ੍ਹਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਗ੍ਰੰਥੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਮੀਟਿੰਗ ਦੌਰਾਨ ਗ੍ਰੰਥੀ ਸਿੰਘਾਂ ਨੂੰ ਵਧੀਆ ਸਿਹਤ ਸਹੂਲਤਾਂ, ਰਹਿਣ-ਸਹਿਣ ਲਈ ਢੁੱਕਵੀਆਂ ਸਹੂਲਤਾਂ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ ਦੀ ਲੋੜ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਗ੍ਰੰਥੀ ਸਿੰਘ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਅਤੇ ਗੁਰਮਤਿ ਦੀਆਂ ਸਿੱਖਿਆਵਾਂ ਨੂੰ ਸੰਗਤਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਗ੍ਰੰਥੀ ਸਿੰਘਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਾਂਝੇ ਉਪਰਾਲੇ ਕਰਨ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਆਵਾਜ਼ ਨੂੰ ਸਬੰਧਤ ਪੱਧਰ ਤੱਕ ਪਹੁੰਚਾਉਣ ਬਾਰੇ ਵਿਚਾਰ ਕੀਤਾ ਗਿਆ। ਮੀਟਿੰਗ ਵਿਚ ਪੰਜਾਬ ਪ੍ਰਧਾਨ ਰਣਜੀਤ ਸਿੰਘ ਖਾਲਸਾ, ਪ੍ਰਧਾਨ ਬਲਜੀਤ ਸਿੰਘ ਖ਼ਾਲਸਾ, ਸ਼ਹਿਰੀ ਪ੍ਰਧਾਨ ਭਾਈ ਤੇਜਿੰਦਰਪਾਲ ਸਿੰਘ ਪਟਨਾ ਸਾਹਿਬ ਵਾਲੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਚੇਅਰਮੈਨ ਹਰਨੇਕ ਸਿੰਘ ਭਿੰਡਰ, ਸਖਵੀਰ ਸਿੰਘ ਭਿੰਡਰ, ਪ੍ਰਧਾਨ ਕੁਲਦੀਪ ਸਿੰਘ ਖਾਲਸਾ ਚੁੱਘਾ ਖੁਰਦ, ਮੀਤ ਪ੍ਰਧਾਨ ਪਰਮਜੀਤ ਸਿੰਘ ਫਤਿਹਗੜ੍ਹ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ,ਖ਼ਜ਼ਾਨਚੀ ਆਕਾਸ਼ਦੀਪ ਸਿੰਘ ਦਾਤੇਵਾਲ, ਸਹਾਇਕ ਖ਼ਜ਼ਾਨਚੀ ਕਰਪਾਲ ਸਿੰਘ ਫਤਿਹਗੜ੍ਹ, ਸਕੱਤਰ ਕੁਲਦੀਪ ਸਿੰਘ ਲੋਹਗੜ੍ਹ, ਜਨਰਲ ਸਕੱਤਰ ਪਰਮਜੀਤ ਸਿੰਘ ਚੜਿੱਕ, ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਭਿੰਡਰ, ਧਰਮ ਪ੍ਰਚਾਰ ਸਕੱਤਰ ਜਗਦੀਸ਼ ਸਿੰਘ ਫਤਿਹਗੜ੍ਹ, ਮੁੱਖ ਸਲਾਹਕਾਰ ਗੁਰਪ੍ਰੀਤ ਸਿੰਘ ਗਾਲਿਬ, ਸਤਿਨਾਮ ਸਿੰਘ, ਮਨਜੀਤ ਸਿੰਘ ਕੋਟ ਸਦਰ ਖਾਂ, ਨਿਸ਼ਾਨ ਸਿੰਘ ਭਿੰਡਰ, ਬਲਵਿੰਦਰ ਸਿੰਘ ਭਿੰਡਰ ਅਤੇ ਹੋਰ ਵੀ ਬਹੁਤ ਸਾਰੇ ਹਾਜ਼ਰ ਸਨ। ਮੀਟਿੰਗ ਦੇ ਅੰਤ ਵਿਚ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਗ੍ਰੰਥੀ ਸਿੰਘਾਂ ਦੀ ਭਲਾਈ ਲਈ ਇਕਜੁੱਟ ਹੋ ਕੇ ਯਤਨ ਕੀਤੇ ਜਾਣਗੇ। ਉਨ੍ਹਾਂ ਦੀਆਂ ਸਿਹਤ ਸਹੂਲਤਾਂ, ਰਿਹਾਇਸ਼ੀ ਸਹੂਲਤਾਂ ਅਤੇ ਤਨਖਾਹਾਂ ਵਿਚ ਵਾਧੇ ਵਰਗੇ ਅਹਿਮ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਉਠਾਇਆ ਜਾਵੇਗਾ, ਤਾਂ ਜੋ ਗ੍ਰੰਥੀ ਸਿੰਘ ਆਪਣੀ ਸੇਵਾ ਹੋਰ ਵਧੀਆ ਢੰਗ ਨਾਲ ਨਿਭਾ ਸਕਣ।