
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਫ਼ਾਈ ਸੇਵਕ, ਚੌਂਕੀਦਾਰ ਅਤੇ ਮਿੱਡ-ਡੇ-ਮੀਲ

ਵਕੀਲ ਮਹਿਰੋਂ, ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਸਫ਼ਾਈ ਸੇਵਕ, ਚੌਂਕੀਦਾਰ ਅਤੇ ਮਿੱਡ-ਡੇ-ਮੀਲ ਕੁੱਕ ਯੂਨੀਅਨ ਜ਼ਿਲ੍ਹਾ ਮੋਗਾ ਦੀ ਇਕ ਅਹਿਮ ਮੀਟਿੰਗ ਨੇਚਰ ਪਾਰਕ ਮੋਗਾ ਵਿਖੇ ਪੰਜਾਬ ਸਕੱਤਰ ਕਮਲਜੀਤ ਕੌਰ ਮੱਧੋਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਮਜ਼ਦੂਰ-ਮੁਲਾਜ਼ਮ ਆਗੂ ਵਿਜੈ ਧੀਰ ਐਡਵੋਕੇਟ ਅਤੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਜੇ ਧੀਰ ਨੇ ਕਿਹਾ ਕਿ ਪੰਜਾਬ ਵਿਚ ਸਫ਼ਾਈ ਸੇਵਕ, ਚੌਂਕੀਦਾਰ ਅਤੇ ਮਿੱਡ-ਡੇ-ਮੀਲ ਕੁੱਕ ਸਭ ਤੋਂ ਘੱਟ ਮਿਹਨਤਾਨਾ ਲੈ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਕਈ ਵਾਰ ਟੇਬਲ-ਟਾਕ ਮੀਟਿੰਗਾਂ ਹੋਣ ਦੇ ਬਾਵਜੂਦ ਮੁਲਾਜ਼ਮਾਂ ਨੂੰ ਠੋਸ ਰਾਹਤ ਨਹੀਂ ਮਿਲੀ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਦੇ ਨਾਲ-ਨਾਲ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 7 ਸਤੰਬਰ 2026 ਤੋਂ ਪਹਿਲਾਂ ਸਫ਼ਾਈ ਸੇਵਕਾਂ, ਚੌਕੀਦਾਰਾਂ ਅਤੇ ਮਿੱਡ-ਡੇ-ਮੀਲ ਕੁੱਕਾਂ ਨੂੰ ਘੱਟੋ-ਘੱਟ ਉਜ਼ਰਤ ਅਤੇ ਮਿਨੀਮਮ ਸਕੇਲ ਦਾ ਲਾਭ ਨਾ ਦਿੱਤਾ ਗਿਆ ਤਾਂ ਯੂਨੀਅਨ ਵੱਲੋਂ ਮੋਹਾਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ ਦੇ ਸਾਹਮਣੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਮਿੱਡ-ਡੇ-ਮੀਲ ਕੁੱਕ, ਸਫਾਈ ਸੇਵਕ ਅਤੇ ਚੌਂਕੀਦਾਰ ਸ਼ਾਮਲ ਹੋਣਗੇ। ਯੂਨੀਅਨ ਅਨੁਸਾਰ ਇਸ ਵਿਚ 44,538 ਕੁੱਕ ਅਤੇ 12,335 ਸਫ਼ਾਈ ਸੇਵਕ ਤੇ ਚੌਂਕੀਦਾਰ ਆਪਣੀਆਂ ਮੰਗਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਇਕੱਠੇ ਹੋਣਗੇ। ਰੈਲੀ ਦੀ ਅਗਵਾਈ ਮਨੁੱਖੀ ਅਧਿਕਾਰ ਸਿੱਖਿਆ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਪਰਮਾਨੰਦ ਫਾਜ਼ਿਲਾ, ਵਿਜੈ ਧੀਰ ਐਡਵੋਕੇਟ, ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂਆਂ ਵੱਲੋਂ ਕੀਤੀ ਜਾਵੇਗੀ। ਮੀਟਿੰਗ ਵਿੱਚ ਰਮਨ ਸੈਦੋ ਕੇ, ਮਨਜੀਤ ਕੌਰ, ਇੰਦਰਜੀਤ ਕੌਰ, ਪਰਮਜੀਤ ਕੌਰ, ਜਸਵੀਰ ਕੌਰ, ਰਜਿੰਦਰ ਕੌਰ, ਸੀਮਾ ਰਾਈ, ਭਜਨ ਕੌਰ, ਸੰਤੋਸ਼, ਰਾਧਾ ਰਾਈ ਅਤੇ ਵਿਦਿਆ ਰਾਈ ਸਮੇਤ ਵੱਡੀ ਗਿਣਤੀ ਵਿਚ ਸਫ਼ਾਈ ਸੇਵਕਾਂ, ਚੌਂਕੀਦਾਰਾਂ ਅਤੇ ਮਿੱਡ-ਡੇ-ਮੀਲ ਵਰਕਰਾਂ ਨੇ ਹਿੱਸਾ ਲਿਆ।