- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਵਿਖੇ ਇੰਡੀਆ ਗੱਠਜੋੜ ਦੇ ਸੱਦੇ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਮੋਗਾ ਵਿਖੇ ਇੰਡੀਆ ਗੱਠਜੋੜ ਦੇ ਸੱਦੇ ’ਤੇ ਚੋਣ ਕਮਿਸ਼ਨ ਦੇ ਮੁੱਦੇ ’ਤੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਕਾਂਗਰਸ, ਭਾਰਤੀ ਕਮਿਊਨਿਸਟ ਪਾਰਟੀ ਅਤੇ ਸਿਵਲ ਸੁਸਾਇਟੀ ਮੋਗਾ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਦੀ ਪ੍ਰਧਾਨਗੀ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਕੀਤੀ। ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ, ਕਾਮਰੇਡ ਕੁਲਦੀਪ ਸਿੰਘ ਭੋਲਾ ਅਤੇ ਅਜੇ ਗੋਰਾ ਸੂਦ ਨੇ ਕਿਹਾ ਕਿ ਦੇਸ਼ ’ਚੋਂ ਐੱਸਆਈਆਰ ਦਾ ਸਹਾਰਾ ਲੈ ਕੇ ਬੀਜੇਪੀ ਸਰਕਾਰ ਨੇ 13 ਕਰੋੜ ਲੋਕਾਂ ਕੋਲੋਂ ਵੋਟ ਦਾ ਹੱਕ ਖੋ ਲਿਆ ਹੈ। ਦੇਸ਼ ਵਿਚ ਈਵੀਐੱਮ ਦੀ ਦੁਰਵਰਤੋਂ ਨਾਲ ਲਗਾਤਾਰ ਸੁਬਾਈ ਸਰਕਾਰਾਂ ਤੇ ਕਬਜ਼ਾ ਕੀਤਾ ਜਾ ਰਿਹਾ ਅਤੇ ਭਾਜਪਾ ਹਰ ਹਰਬਾ ਵਰਤ ਕੇ ਹਮੇਸ਼ਾ ਲਈ ਸੱਤ੍ਹਾ ਵਿਚ ਰਹਿਣ ਦੀ ਨੀਤੀ ’ਤੇ ਚੱਲ ਰਹੀ ਹੈ। ਇੰਡੀਅਨ ਐਕਸਪ੍ਰੈੱਸ ਦੀ ਪੱਤਰਕਾਰ ਦੇ ਕੀਤੇ ਖੁਲਾਸਿਆਂ ਨਾਲ ਭਾਜਪਾ ਦੀ ਇਸ ਸਾਜਿਸ਼ ਦਾ ਭਾਂਡਾ ਚੁਰਾਹੇ ਫੁੱਟ ਗਿਆ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਚੋਣ ਕਮਿਸ਼ਨਰ ਗਿਆਨਏਸ਼ ਵੱਲੋਂ ਰਚੀ ਜਾ ਰਹੀ, ਇਸ ਸਾਜ਼ਿਸ਼ ਵਿਰੁੱਧ ਇੰਡੀਆ ਗਠਜੋੜ ਵੱਲੋਂ ਅੰਦੋਲਨ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਇਸੇ ਕੜੀ ਤਹਿਤ ਮੋਗਾ ਵਿਖੇ 8 ਅਕਤੂਬਰ ਨੂੰ ਵਿਸ਼ਾਲ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਾਰੇ ਦੇਸ਼ ਵਿਚ ਘੋਲ ਨੂੰ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਇਸੇ ਸੰਬੰਧ ਵਿਚ ਪੰਜ ਅਕਤੂਬਰ ਨੂੰ ਕਾਂਗਰਸ ਪਾਰਟੀ ਦੇ ਦਫ਼ਤਰ ਵਿਚ ਸਵੇਰੇ 11 ਵਜੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਵਿਧਾਇਕ ਸਾਥੀ ਵਿਜੇ ਕੁਮਾਰ, ਪ੍ਰਿੰਸੀਪਲ ਪੂਰਨ ਸਿੰਘ ਸੰਧੂ, ਇੰਦਰਜੀਤ ਸਿੰਘ ਬੀੜ ਚੜਿੱਕ, ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਡਾ. ਇੰਦਰਵੀਰ ਗਿੱਲ, ਗੁਰਦਿੱਤ ਦੀਨਾ, ਜਗਸੀਰ ਖੋਸਾ, ਹਰਪ੍ਰੀਤ ਹੈਪੀ, ਮਹਿੰਦਰ ਪਾਲ ਲੂੰਬਾ, ਅਮਰਜੀਤ ਜੱਸਲ, ਮਨਿੰਦਰ ਸਿੰਘ ਬੇਦੀ, ਅਮਨਦੀਪ ਅਨੇਜਾ, ਲੱਕੀ ਗਿੱਲ ਆਦਿ ਆਗੂ ਹਾਜ਼ਰ ਸਨ।