ਗ਼ਦਰੀ ਬਾਬਾ ਬਚਨ ਸਿੰਘ ਘੋਲੀਆ ਦੀ ਬਰਸੀ ਮੌਕੇ ਕਾਨਫਰੰਸ ਕਰਵਾਈ ਗ਼ਦਰੀ ਬਾਬਾ ਬਚਨ ਸਿੰਘ ਘੋਲੀਆ
Publish Date: Fri, 27 Nov 2026 03:25 PM (IST)
Updated Date: Fri, 27 Nov 2026 03:25 PM (IST)
ਮੌਜੂਦਾ ਰਾਜਸੀ, ਆਰਥਿਕ ਤੇ ਸਮਾਜਿਕ ਹਾਲਾਤ ’ਤੇ ਹੋਈ ਚਰਚਾ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਗ਼ਦਰੀ ਬਾਬਾ ਬਚਨ ਸਿੰਘ ਘੋਲੀਆ ਦੀ 43ਵੀਂ ਬਰਸੀ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਘੋਲੀਆ ਖੁਰਦ ਵਿਖੇ ਭਰਵੀਂ ਰਾਜਸੀ ਕਾਨਫਰੰਸ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਜਗਰੂਪ, ਜ਼ਿਲ੍ਹਾ ਸਹਾਇਕ ਸਕੱਤਰ ਗੁਰਦਿੱਤ ਦੀਨਾ ਅਤੇ ਡਾ. ਇੰਦਰਵੀਰ ਗਿੱਲ ਨੇ ਪਾਰਟੀ ਬ੍ਰਾਂਚ ਦੇ ਮੈਂਬਰਾਂ ਦੀ ਹਾਜ਼ਰੀ ’ਚ ਬਾਬਾ ਜੀ ਦੇ ਘਰ ਉੱਪਰ ਝੰਡਾ ਲਹਿਰਾ ਕੇ ਕੀਤੀ। ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਗ਼ਦਰੀ ਬਾਬਾ ਬਚਨ ਸਿੰਘ ਘੋਲੀਆ ਦੇ ਜੀਵਨ ਅਤੇ ਸੰਘਰਸ਼ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਬਾਬਾ ਬਚਨ ਸਿੰਘ ਘੋਲੀਆ ਨੇ ਗ਼ਦਰ ਲਹਿਰ ਦੇ ਸਿਪਾਹੀ ਵਜੋਂ ਅੱਧੀ ਦੁਨੀਆ ਉੱਪਰ ਫੈਲੀ ਬ੍ਰਿਟਿਸ਼ ਬਾਦਸ਼ਾਹਤ ਦੀ ਧੱਕੇਸ਼ਾਹੀ ਵਿਰੁੱਧ ਸੰਘਰਸ਼ ਦਾ ਝੰਡਾ ਚੁੱਕਿਆ ਸੀ। ਉਨ੍ਹਾਂ ਦੇਸੀ ਹੁਕਮਰਾਨਾਂ ਦੀਆਂ ਨੀਤੀਆਂ ਵਿਰੁੱਧ ਕਿਸਾਨੀ ਨੂੰ ਲਾਮਬੰਦ ਕੀਤਾ ਅਤੇ ਵਿਧਾਇਕ ਬਣਨ ਤੋਂ ਬਾਅਦ ਆਪਣੀ ਪਹਿਲੀ ਤਰਜੀਹ ਮੁਜ਼ਾਰਾ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲਈ ਸੰਘਰਸ਼ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਅਤੇ ਪੈਪਸੂ ਮੁਜ਼ਾਰਾ ਲਹਿਰ ਅੱਜ ਦੇ ਲੋਕ ਸੰਘਰਸ਼ਾਂ ਲਈ ਵੱਡਮੁੱਲੀ ਵਿਰਾਸਤ ਹਨ। ਇਸ ਮੌਕੇ ਮਾਰਕਸਵਾਦ ਦੇ ਅਧਿਆਪਕ ਕਾਮਰੇਡ ਜਗਰੂਪ ਨੇ ਦੇਸ਼ ਦੇ ਮੌਜੂਦਾ ਰਾਜਸੀ ਅਤੇ ਆਰਥਿਕ ਹਾਲਾਤਾਂ ਬਾਰੇ ਵਿਸਥਾਰ ਨਾਲ ਵਿਚਾਰ ਪੇਸ਼ ਕੀਤੇ। ਕਾਮਰੇਡ ਜਗਰੂਪ ਨੇ ਨਵੀਂ ਤਕਨਾਲੋਜੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਧ ਰਹੇ ਪ੍ਰਭਾਵ ਬਾਰੇ ਗੱਲ ਕਰਦਿਆਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਵੱਲੋਂ ਇਸ ਦੀ ਵਰਤੋਂ ਮੁਨਾਫ਼ਾ ਵਧਾਉਣ ਅਤੇ ਰੁਜ਼ਗਾਰ ਘਟਾਉਣ ਲਈ ਕੀਤੀ ਜਾ ਰਹੀ ਹੈ। ਇਸ ਦੌਰਾਨ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਦੱਸਿਆ ਕਿ ਲੋਕ ਮਾਰੂ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਪਾਰਟੀ ਦੇ ਕੌਮੀ ਸੱਦੇ ’ਤੇ ਪਹਿਲੀ ਤੋਂ ਤਿੰਨ ਦਸੰਬਰ ਤੱਕ ਕੀਤੇ ਜਾਣ ਵਾਲੇ ‘ਜੇਲ੍ਹ ਭਰੋ ਅੰਦੋਲਨ’ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਉਨ੍ਹਾਂ ਪਾਰਟੀ ਵਰਕਰਾਂ ਨੂੰ ਇਸ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਨ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਮੋਗਾ ਦੀ ਇਪਟਾ ਟੀਮ ਵੱਲੋਂ ਅਵਤਾਰ ਚੜਿੱਕ ਦੀ ਅਗਵਾਈ ਹੇਠ ਨਾਟਕ, ਭੰਡ, ਗੀਤ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਇਸ ਬਰਸੀ ਸਮਾਗਮ ਵਿਚ ਕਾਮਰੇਡ ਸ਼ੇਰ ਸਿੰਘ ਦੌਲਤਪੁਰਾ, ਕਾਮਰੇਡ ਸੁਖਦੇਵ ਸਿੰਘ ਭੋਲਾ, ਇੰਜਨੀਅਰ ਸਵਰਨ ਸਿੰਘ ਖੋਸਾ, ਕਾਮਰੇਡ ਗੁਰਮੇਲ ਸਿੰਘ ਨਾਹਰ, ਕਾਮਰੇਡ ਪੋਹਲਾ ਸਿੰਘ, ਜਸਪ੍ਰੀਤ ਬੱਧਨੀ, ਬਲਵਿੰਦਰ ਸਿੰਘ ਬੁੱਧ ਸਿੰਘ ਵਾਲਾ, ਬੁੱਗਰ ਮਾਣੂਕੇ, ਸਵਰਾਜ ਖੋਸਾ, ਨਵਜੋਤ ਬਿਲਾਸਪੁਰ, ਬੋਹੜ ਬੁੱਟਰ, ਕੇਵਲ ਰਾਉਕੇ, ਬੂਟਾ ਸਿੰਘ ਰਾਊਕੇ ਅਤੇ ਬਲਰਾਜ ਬੱਧਨੀ ਸਮੇਤ ਕਈ ਹੋਰ ਆਗੂ ਤੇ ਵਰਕਰ ਸ਼ਾਮਲ ਹੋਏ। ਕਾਮਰੇਡ ਸੁਖਦੇਵ ਸਿੰਘ ਧੂੜਕੋਟ ਕਨੇਡੀਅਨ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਬਲਾਕ ਬਾਘਾਪੁਰਾਣਾ ਦੇ ਸਕੱਤਰ ਗੁਰਮੀਤ ਵਾਂਦਰ ਨੇ ਬਾਖੂਬੀ ਨਿਭਾਈ।