ਗੀਤਾ ਭਵਨ ’ਚ ਪਹਿਲੀ ਵਾਰ ਹੋਵੇਗਾ ਵਿਸ਼ਾਲ ਤੁਲਸੀ ਵਿਆਹ ਸਮਾਗਮ ਧਾਰਮਿਕ ਆਸਥਾ, ਭਾਰਤੀ ਸੱਭਿਆਚਾਰ
Publish Date: Wed, 18 Nov 2026 04:33 PM (IST)
Updated Date: Thu, 19 Nov 2026 04:01 AM (IST)
21 ਨਵੰਬਰ ਨੂੰ ਧਾਰਮਿਕ ਉਤਸ਼ਾਹ ਨਾਲ ਮਨਾਇਆ ਜਾਵੇਗਾ ਪਵਿੱਤਰ ਸਮਾਗਮ : ਐਡਵੋਕੇਟ ਸੁਨੀਲ ਗਰਗ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਧਾਰਮਿਕ ਆਸਥਾ, ਭਾਰਤੀ ਸੱਭਿਆਚਾਰ ਅਤੇ ਸਨਾਤਨ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਗੀਤਾ ਭਵਨ ਟਰੱਸਟ ਸੋਸਾਇਟੀ ਮੋਗਾ ਵੱਲੋਂ 21 ਨਵੰਬਰ ਨੂੰ ਗੀਤਾ ਭਵਨ ਵਿਖੇ ਪਹਿਲੀ ਵਾਰ ਵਿਸ਼ਾਲ ਤੁਲਸੀ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸੇ ਦਿਨ ਪਿਛਲੇ ਕਈ ਦਿਨਾਂ ਤੋਂ ਨਿਰੰਤਰ ਚੱਲ ਰਹੀ ਕਾਰਤਿਕ ਮਹੀਨੇ ਦੀ ਪਵਿੱਤਰ ਕਥਾ ਦਾ ਵੀ ਵਿਧੀਵਤ ਸਮਾਪਨ ਹੋਵੇਗਾ। ਇਸ ਮੌਕੇ ਮਾਤਾ ਤੁਲਸੀ ਅਤੇ ਭਗਵਾਨ ਵਿਸ਼ਨੂੰ ਦੇ ਸ਼ਾਲਿਗ੍ਰਾਮ ਸਰੂਪ ਦਾ ਵਿਆਹ ਰਵਾਇਤੀ ਧਾਰਮਿਕ ਰੀਤੀ-ਰਿਵਾਜਾਂ ਅਤੇ ਮੰਤਰਾਂ ਦੇ ਉਚਾਰਨ ਨਾਲ ਸੰਪੰਨ ਕਰਵਾਇਆ ਜਾਵੇਗਾ। ਇਸ ਸਮਾਗਮ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ। ਗੀਤਾ ਭਵਨ ਟਰੱਸਟ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਕੁਮਾਰ ਗਰਗ ਨੇ ਦੱਸਿਆ ਕਿ ਗੀਤਾ ਭਵਨ ਵਿਚ ਪਹਿਲੀ ਵਾਰ ਤੁਲਸੀ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਨੂੰ ਸਨਾਤਨ ਧਰਮ ਦੀਆਂ ਪ੍ਰਾਚੀਨ ਪਰੰਪਰਾਵਾਂ, ਧਾਰਮਿਕ ਮਾਨਤਾਵਾਂ ਅਤੇ ਉਨ੍ਹਾਂ ਦੇ ਅਧਿਆਤਮਿਕ ਮਹੱਤਵ ਤੋਂ ਜਾਣੂੰ ਕਰਵਾਉਣਾ ਹੈ। ਤੁਲਸੀ ਵਿਆਹ ਦੇ ਧਾਰਮਿਕ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਸੁਨੀਲ ਗਰਗ ਨੇ ਦੱਸਿਆ ਕਿ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦੁਆਦਸ਼ੀ ਤਿਥੀ ਨੂੰ ਰਵਾਇਤੀ ਤੌਰ ’ਤੇ ਤੁਲਸੀ ਵਿਆਹ ਮਨਾਇਆ ਜਾਂਦਾ ਹੈ। ਇਸ ਮੌਕੇ ਟਰੱਸਟ ਸੋਸਾਇਟੀ ਦੇ ਜਨਰਲ ਸਕੱਤਰ ਅੰਸ਼ੁਲ ਸ਼੍ਰੀਕੁੰਜ ਨੇ ਕਿਹਾ ਕਿ ਤੁਲਸੀ ਵਿਆਹ ਵਰਗੇ ਧਾਰਮਿਕ ਸਮਾਗਮ ਸਾਡੀਆਂ ਪ੍ਰਾਚੀਨ ਪਰੰਪਰਾਵਾਂ ਨੂੰ ਜਿਉਂਦਾ ਰੱਖਣ ਦਾ ਮਹੱਤਵਪੂਰਨ ਸਾਧਨ ਹਨ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਭਾਰਤੀ ਸੱਭਿਆਚਾਰ ਅਤੇ ਸਨਾਤਨ ਧਰਮ ਦੀਆਂ ਮਾਨਤਾਵਾਂ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸਮਝਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸ ਨੂੰ ਪਹੁੰਚਾਉਣ। ਟਰੱਸਟ ਦੇ ਖਜ਼ਾਨਚੀ ਯੁਗੇਸ਼ ਗਰਗ ਨੇ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਵਿਚ ਸਾਰੇ ਸ਼ਰਧਾਲੂਆਂ ਅਤੇ ਮੈਂਬਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਸਾਂਝੇ ਸਕੱਤਰ ਸੁਰਿੰਦਰ ਗੋਇਲ ਨੇ ਕਿਹਾ ਕਿ ਕਾਰਤਿਕ ਮਹੀਨਾ ਹਿੰਦੂ ਧਰਮ ਵਿੱਚ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸ ਪੂਰੇ ਮਹੀਨੇ ਦੌਰਾਨ ਭਗਵਾਨ ਵਿਸ਼ਨੂੰ ਦੀ ਅਰਾਧਨਾ, ਦੀਪਦਾਨ, ਪੂਜਾ-ਪਾਠ ਅਤੇ ਕਥਾ ਸੁਣਨ ਦਾ ਵਿਸ਼ੇਸ਼ ਮਹੱਤਵ ਹੈ। ਅੰਤ ਵਿਚ ਐਡਵੋਕੇਟ ਸੁਨੀਲ ਕੁਮਾਰ ਗਰਗ ਨੇ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ 21 ਨਵੰਬਰ ਨੂੰ ਗੀਤਾ ਭਵਨ ਵਿਖੇ ਕਰਵਾਏ ਜਾ ਰਹੇ ਤੁਲਸੀ ਵਿਆਹ ਸਮਾਗਮ ਅਤੇ ਕਾਰਤਿਕ ਮਹੀਨੇ ਦੀ ਕਥਾ ਦੇ ਸਮਾਪਨ ਮੌਕੇ ਪਰਿਵਾਰ ਸਮੇਤ ਪਹੁੰਚ ਕੇ ਇਸ ਪਵਿੱਤਰ ਸਮਾਗਮ ਵਿਚ ਸ਼ਮੂਲੀਅਤ ਕਰਨ ਅਤੇ ਭਗਵਾਨ ਵਿਸ਼ਨੂੰ ਤੇ ਮਾਤਾ ਤੁਲਸੀ ਦਾ ਆਸ਼ੀਰਵਾਦ ਪ੍ਰਾਪਤ ਕਰਨ।