ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਦੀਵਾਨ ਸਜਾਏ ਮਾਲਵੇ ਦੇ ਗੁਰਦੁਆਰਾ ਸ਼ਹੀਦ ਬਾਬਾ
Publish Date: Sun, 27 Sep 2026 03:57 PM (IST)
Updated Date: Mon, 28 Sep 2026 04:00 AM (IST)
ਹੰਕਾਰ, ਲੋਭ, ਲਾਲਚ, ਈਰਖਾ ਛੱਡ ਕੇ ਪਿਆਰ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ : ਸੰਤ ਗੁਰਦੀਪ ਸਿੰਘ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮਾਲਵੇ ਦੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਤਪ ਅਸਥਾਨ ਸੰਤ ਬਾਬਾ ਨਛੱਤਰ ਸਿੰਘ ਜੀ ਵਿਖੇ ਪੂਰਨਮਾਸੀ ਦਾ ਪਵਿੱਤਰ ਦਿਹਾੜਾ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਦੀ ਰਹਿਨੁਮਾਈ ਹੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਦੂਰ-ਦੁਰਾਡੇ ਤੋਂ ਪਹੁੰਚੀ ਸੰਗਤ ਨੇ ਗੁਰੂ ਘਰ ਵਿਖੇ ਹਾਜ਼ਰੀ ਭਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪ੍ਰਕਾਸ਼ ਕੀਤੇ ਗਏ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਵੱਖ-ਵੱਖ ਕੀਰਤਨੀ, ਕਵੀਸ਼ਰੀ ਅਤੇ ਕਥਾ ਵਾਚਕ ਜਥਿਆਂ ਨੇ ਗੁਰਬਾਣੀ ਕੀਰਤਨ, ਕਵੀਸ਼ਰੀ ਅਤੇ ਗੁਰ-ਇਤਿਹਾਸ ਨਾਲ ਸੰਗਤ ਨੂੰ ਜੋੜਿਆ। ਇਸ ਮੌਕੇ ਭਾਈ ਸੋਹਣ ਸਿੰਘ, ਭਾਈ ਕਵਲਜੀਤ ਸਿੰਘ, ਆਲਮਵਾਲਾ, ਭਾਈ ਜਸਪਾਲ ਸਿੰਘ ਲੱਲਿਆ ਵਾਲੇ, ਵੀਰਭਾਨ ਮਾਲਵਾ ਮੋੜਾਂ ਦਾ ਕਵੀਸ਼ਰੀ ਜਥਾ, ਸੰਤ ਬਾਬਾ ਸੁਖਦੇਵ ਸਿੰਘ ਡਮੇਲੀ ਵਾਲੇ, ਭਾਈ ਇਕਬਾਲ ਸਿੰਘ ਲੰਗੇਆਣਾ ਵਾਲੇ ਅਤੇ ਕਥਾ ਵਾਚਕ ਹਰਜਿੰਦਰ ਸਿੰਘ ਮੱਦੋਕੇ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰ ਇਹ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ। ਇਸ ਮੌਕੇ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਦੀਵਾਨਾਂ ਵਿਚ ਹਾਜ਼ਰੀ ਲਵਾਈ। ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਸਬੰਧੀ ਗੁਰ-ਇਤਿਹਾਸ ਤੋਂ ਜਾਣੂੰ ਕਰਵਾਇਆ। ਉਨ੍ਹਾਂ ਸੰਗਤ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਮਨੁੱਖ ਨੂੰ ਹੰਕਾਰ, ਲੋਭ, ਲਾਲਚ, ਈਰਖਾ ਅਤੇ ਵੈਰ-ਵਿਰੋਧ ਤਿਆਗ ਕੇ ਆਪਣੇ ਅੰਦਰ ਪਿਆਰ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਜੇਕਰ ਮਨੁੱਖ ਨਿਮਰਤਾ ਨਾਲ ਇਕ ਮਨ ਅਤੇ ਇਕ ਚਿੱਤ ਹੋ ਕੇ ਪ੍ਰਭੂ ਦਾ ਨਾਮ ਜਪੇ ਤਾਂ ਉਸ ਦਾ ਲੋਕ ਅਤੇ ਪਰਲੋਕ ਦੋਵੇਂ ਸਫਲ ਹੋ ਸਕਦੇ ਹਨ। ਸਾਨੂੰ ਅਜਿਹਾ ਜੀਵਨ ਜਿਊਣਾ ਚਾਹੀਦਾ ਹੈ ਜਿਸ ਨਾਲ ਸਮਾਜ ਵਿਚ ਪਿਆਰ, ਭਾਈਚਾਰੇ ਅਤੇ ਸਦਭਾਵਨਾ ਦੀ ਖੁਸ਼ਬੂ ਫੈਲੇ।ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਪ੍ਰਬੰਧਕਾਂ ਵੱਲੋਂ ਧਾਰਮਿਕ ਜਥਿਆਂ ਦਾ ਸਨਮਾਨ ਕਰਨ ਦੇ ਨਾਲ-ਨਾਲ ਦੂਰ-ਦੁਰਾਡੇ ਤੋਂ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਭਾਈ ਹਰਮੇਲ ਸਿੰਘ, ਸੁੱਖਾ ਸਿੰਘ ਰੌਲੀ, ਕੁਲਵੀਰ ਸਿੰਘ ਕੋਠੇ ਪੱਤੀ ਮੁਹੱਬਤ, ਧਰਮ ਸਿੰਘ ਕਾਲੇਕੇ, ਬਿੱਲੂ ਸਿੰਘ, ਗੁਰਜੰਟ ਸਿੰਘ ਚੰਦ ਪੁਰਾਣਾ, ਚਮਕੌਰ ਸਿੰਘ ਚੰਦ ਪੁਰਾਣਾ, ਹੈੱਡ ਗ੍ਰੰਥੀ ਸੁੱਚਾ ਸਿੰਘ, ਭਾਈ ਸੁੱਖਾ ਸਿੰਘ ਮੋਗਾ, ਜਸਕਰਨ ਸਿੰਘ ਬੀੜ ਚੜਿੱਕ, ਦਰਸ਼ਨ ਸਿੰਘ ਡਰੋਲੀ ਭਾਈ, ਨੀਲਾ ਚੰਦ ਪੁਰਾਣਾ, ਡਾ. ਅਵਤਾਰ ਸਿੰਘ, ਰਣਵੀਰ ਸਿੰਘ ਰਾਣਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।