- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਵਾਲਮੀਕਿ ਸਭਾ ਵੱਲੋਂ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੋਗਾ ਵਾਲਮੀਕਿ ਸਭਾ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ ਇਸ ਵਾਰ 22 ਅਕਤੂਬਰ 2026 ਨੂੰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸਭਾ ਦੇ ਪ੍ਰਧਾਨ ਅਰੁਣ ਬੋਹਤ ਦੀ ਅਗਵਾਈ ਹੇਠ ਮੋਗਾ ਸ਼ਹਿਰ ਵਿਚ ਭਗਵਾਨ ਵਾਲਮੀਕਿ ਜੀ ਦੀ ਭਵਿਆ ਸ਼ੋਭਾ ਯਾਤਰਾ ਕੱਢੀ ਜਾਵੇਗੀ। ਸ਼ੋਭਾ ਯਾਤਰਾ ਨੂੰ ਲੈ ਕੇ ਵਾਲਮੀਕਿ ਸਮਾਜ ਅਤੇ ਸ਼ਹਿਰ ਵਾਸੀਆਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸਭਾ ਵੱਲੋਂ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਵਾਲਮੀਕਿ ਸਭਾ ਦੇ ਪ੍ਰਧਾਨ ਅਰੁਣ ਬੋਹਤ, ਜਨਰਲ ਸਕੱਤਰ ਰਾਜਕੁਮਾਰ ਗੋਲੂ, ਹੈੱਡ ਕੈਸ਼ੀਅਰ ਅਰਜੁਨ ਕੁਮਾਰ, ਸਲਾਹਕਾਰ ਸੇਵਕ ਰਾਮ ਫੌਜੀ, ਜੁਆਇੰਟ ਕੈਸ਼ੀਅਰ ਵਿਸ਼ਾਲ ਰਾਜਪੂਤ ਅਤੇ ਮੈਂਬਰ ਸੋਨੂ ਨੈਸਲੇ ਵੱਲੋਂ ਸਭਾ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸ਼ੋਭਾ ਯਾਤਰਾ ਨੂੰ ਸੁਚੱਜੇ ਅਤੇ ਸ਼ਰਧਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਪ੍ਰਬੰਧਾਂ ਬਾਰੇ ਵਿਚਾਰ ਕੀਤਾ ਗਿਆ। ਇਸੇ ਸਬੰਧ ਵਿਚ ਵਾਲਮੀਕਿ ਸਭਾ ਦੀ ਟੀਮ ਵੱਲੋਂ ਸਮਾਜ ਸੇਵੀ ਨਵੀਨ ਸਿੰਗਲਾ, ਐੱਮਡੀ ਗ੍ਰੇਟ ਪੰਜਾਬ ਪ੍ਰਿੰਟਿੰਗ ਪ੍ਰੈੱਸ ਮੋਗਾ ਨਾਲ ਵੀ ਮੁਲਾਕਾਤ ਕੀਤੀ ਗਈ। ਇਸ ਮੌਕੇ ਸਭਾ ਦੇ ਪ੍ਰਧਾਨ ਅਰੁਣ ਬੋਹਤ ਅਤੇ ਸਮੁੱਚੀ ਟੀਮ ਨੇ ਨਵੀਨ ਸਿੰਗਲਾ ਨਾਲ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਅਤੇ ਸ਼ੋਭਾ ਯਾਤਰਾ ਨੂੰ ਸਫ਼ਲ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਨਵੀਨ ਸਿੰਗਲਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਕਿ ਵਾਲਮੀਕਿ ਸਭਾ (ਰਜਿ. 69) ਮੋਗਾ ਦੇ ਪ੍ਰਧਾਨ ਅਰੁਣ ਬੋਹਤ ਅਤੇ ਸਮੁੱਚੀ ਟੀਮ ਉਨ੍ਹਾਂ ਦੇ ਪ੍ਰਿੰਟਿੰਗ ਪ੍ਰੈੱਸ ਵਿਖੇ ਪਹੁੰਚੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਮਾਗਮ ਵਿਚ ਸ਼ਾਮਲ ਹੋਣਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੋਵੇਗੀ। ਉਨ੍ਹਾਂ ਵਾਲਮੀਕਿ ਸਭਾ ਦੀ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਧਾਰਮਿਕ ਸਮਾਗਮ ਵਿਚ ਤਨ-ਮਨ-ਧਨ ਨਾਲ ਸਹਿਯੋਗ ਕਰਨਗੇ। ਅੰਤ ਵਿੱਚ ਨਵੀਨ ਸਿੰਗਲਾ ਨੇ ਵਾਲਮੀਕਿ ਸਭਾ ਵੱਲੋਂ ਦਿੱਤੇ ਮਾਣ-ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਸਨਮਾਨ ਨੂੰ ਹਮੇਸ਼ਾ ਯਾਦ ਰੱਖਣਗੇ। ਵਾਲਮੀਕਿ ਸਭਾ ਦੇ ਅਹੁਦੇਦਾਰਾਂ ਨੇ ਵੀ ਉਨ੍ਹਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਸਭਾ ਵੱਲੋਂ ਸਮੂਹ ਸੰਗਤ ਅਤੇ ਸ਼ਹਿਰ ਵਾਸੀਆਂ ਨੂੰ 22 ਅਕਤੂਬਰ ਨੂੰ ਹੋਣ ਵਾਲੀ ਭਗਵਾਨ ਵਾਲਮੀਕਿ ਜੀ ਦੀ ਭਵਿਆ ਸ਼ੋਭਾ ਯਾਤਰਾ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋ ਕੇ ਸਮਾਗਮ ਦੀ ਸ਼ੋਭਾ ਵਧਾਉਣ ਦੀ ਅਪੀਲ ਕੀਤੀ ਗਈ।