- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ; ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਗੁਰੂ ਰਾਮਦਾਸ ਨਗਰ ਨੇਸਲੇ ਦੇ ਨੇੜੇ ਮੋਗਾ ਵਿਖੇ ਸਮੂਹ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਚਾਰ ਰੋਜ਼ਾ ਪ੍ਰਭਾਤ ਫੇਰੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸ਼ਨੀਵਾਰ ਨੂੰ ਤੀਜੇ ਦਿਨ ਸ਼ਰਧਾ ਅਤੇ ਉਤਸ਼ਾਹ ਨਾਲ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਗਈ। ਇਸ ਵਿੱਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਗੁਰੂ ਘਰ ਪ੍ਰਤੀ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਈ ਪ੍ਰਭਾਤ ਫੇਰੀ ਦੌਰਾਨ ਸੰਗਤ ਨੇ ਗੁਰਬਾਣੀ ਕੀਰਤਨ ਅਤੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਵਾਲੀ ਗਲੀ ਨੰਬਰ-3 ਦੀਆਂ ਵੱਖ-ਵੱਖ ਗਲੀਆਂ, ਸਬਜ਼ੀ ਮੰਡੀ ਅਤੇ ਸੜਕ ਨੰਬਰ-1 ਦੀਆਂ ਗਲੀਆਂ ਵਿਚੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਈ। ਪੂਰੇ ਰਸਤੇ ਵਿਚ ਸ਼ਰਧਾਲੂਆਂ ਨੇ ਸ਼ਰਧਾ ਨਾਲ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਦੇ ਜੈਕਾਰਿਆਂ ਤੇ ਗੁਰਬਾਣੀ ਦੀ ਮਿੱਠੀ ਧੁਨੀ ਨਾਲ ਸਮੁੱਚਾ ਵਾਤਾਵਰਨ ਭਗਤੀਮਈ ਬਣਿਆ ਰਿਹਾ। ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਪ੍ਰਭਾਤ ਫੇਰੀਆਂ ਦੇ ਪਹਿਲੇ ਦਿਨ 12 ਨਵੰਬਰ ਨੂੰ ਐੱਫਸੀਆਈ ਰੋਡ ਦੀਆਂ ਗਲੀਆਂ, ਗਲੀ ਨੰਬਰ-9 ਅਤੇ ਨੇਸਲੇ ਗੇਟ ਦੇ ਸਾਹਮਣੇ ਵਾਲੀਆਂ ਗਲੀਆਂ ਵਿਚ ਪ੍ਰਭਾਤ ਫੇਰੀ ਕੱਢੀ ਗਈ ਸੀ। ਦੂਜੇ ਦਿਨ 13 ਨਵੰਬਰ ਨੂੰ ਸ਼ਿਵ ਮੰਦਰ ਵਾਲੇ ਪਾਸੇ ਅਤੇ ਗਲੀ ਨੰਬਰ-4, 5, 6, 7 ਅਤੇ 8 ਵਿਚ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ। ਚਾਰ ਰੋਜ਼ਾ ਪ੍ਰਭਾਤ ਫੇਰੀਆਂ ਦੀ ਆਖਰੀ ਪ੍ਰਭਾਤ ਫੇਰੀ ਐਤਵਾਰ, 15 ਨਵੰਬਰ ਨੂੰ ਕੱਢੀ ਜਾਵੇਗੀ। ਇਹ ਪ੍ਰਭਾਤ ਫੇਰੀ ਨਿਊ ਪਰਵਾਨਾ ਨਗਰ ਦੀ ਰੇਲਵੇ ਲਾਈਨ ਦੇ ਨਾਲ ਲੱਗਦੀਆਂ ਸਾਰੀਆਂ ਗਲੀਆਂ ਵਿੱਚੋਂ ਹੁੰਦੀ ਹੋਈ ਅਮਨ ਸਹਿਗਲ ਦੇ ਘਰ, ਸਰਦਾਰ ਗੁਰਚਰਨ ਸਿੰਘ ਹੀਰੇ-ਹਾਂਡੇ ਵਾਲੇ, ਸਰਦਾਰ ਗੁਰਪ੍ਰੀਤ ਸਿੰਘ ਭੁੱਲਰ, ਸਰਦਾਰ ਬਲਦੇਵ ਸਿੰਘ ਬੈਂਕ ਵਾਲੇ ਅਤੇ ਮਤਵਾਲ ਸਿੰਘ ਐੱਮਸੀ. ਦੇ ਘਰ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗੀ। ਕਮੇਟੀ ਵੱਲੋਂ ਇਲਾਕੇ ਦੀ ਸਮੂਹ ਸੰਗਤ ਨੂੰ ਪ੍ਰਭਾਤ ਫੇਰੀਆਂ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।