
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ਕਾਹਨ ਸਿੰਘ ਵਾਲਾ ਮੋਗਾ ਵਿਖੇ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਪਿੰਡ ਕਾਹਨ ਸਿੰਘ ਵਾਲਾ ਮੋਗਾ ਵਿਖੇ ਸਮਾਜ ਸੇਵੀ ਸੰਸਥਾ ਸ਼ਰਨ ਫਾਊਂਡੇਸ਼ਨ ਵੱਲੋਂ ਨੈਬ ਫਾਊਂਡੇਸ਼ਨ ਅਤੇ ਨੈਬ ਕਿਸਾਨ ਫ਼ਾਈਨਾਂਸ ਲਿਮਿਟਡ ਦੇ ਵਿਸ਼ੇਸ਼ ਸਹਿਯੋਗ ਨਾਲ ਪੇਂਡੂ ਵਿਕਾਸ ਦੇ ਨਿਵੇਕਲੇ ਪ੍ਰੋਜੈਕਟ ਪ੍ਰਗਤੀ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ, ਜਿਸ ’ਚ ਜਤਿੰਦਰਜੋਤ ਸਿੰਘ ਜ਼ਿਲ੍ਹਾ ਵਿਕਾਸ ਪ੍ਰਬੰਧਕ ਮੋਗਾ ਨਾਬਾਰਡ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪਿੰਡਾਂ ਦੀ ਨੁਹਾਰ ਬਦਲਣ ਦੀ ਇਸ ਪਹਿਲ ਦੀ ਭਰਪੂਰ ਸ਼ਲਾਘਾ ਕੀਤੀ। ਉਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੋ ਵੀ ਕੰਮ ਇਸ ਪ੍ਰੋਜੈਕਟ ਤਹਿਤ ਹੋ ਰਹੇ ਹਨ ਹੁਣ ਪਿੰਡ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਨੂੰ ਅੱਗੇ ਲੈ ਕੇ ਜਾਣ ਅਤੇ ਪਿੰਡ ਨੂੰ ਕੂੜਾ ਮੁਕਤ ਕਰਨ ਲਈ ਵੀ ਆਪਣਾ ਯੋਗਦਾਨ ਪਾਉਣ। ਪ੍ਰੋਗਰਾਮ ਵਿਚ ਅਲੀ ਉਸਮਾਨ ਬੇਗ ਟੀਮ ਲੀਡ ਨੈਬ ਫਾਊਂਡੇਸ਼ਨ ਉਚੇਚੇ ਤੌਰ ’ਤੇ ਮੁੰਬਈ ਤੋਂ ਪੁਹੰਚੇ। ਉਨ੍ਹਾਂ ਨੇ ਹੁਣ ਤੱਕ ਹੋਏ ਕੰਮਾਂ ਬਾਰੇ ਗੱਲਬਾਤ ਕੀਤੀ ਅਤੇ ਪਿੰਡ ਵਾਸੀਆਂ ਨੂੰ ਉਨ੍ਹਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਦਾ ਵਿਸ਼ਵਾਸ ਦਵਾਇਆ। ਸਮਾਗਮ ਦੀ ਸ਼ੁਰੂਆਤ ਵਿਚ ਸ਼ਰਨ ਫਾਊਂਡੇਸ਼ਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਕੇ ਅਤੇ ਪ੍ਰੋਜੈਕਟ ਦੇ ਉਦੇਸ਼ਾਂ ਬਾਰੇ ਜਾਣਕਾਰੀ ਦੇ ਕੇ ਕੀਤੀ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਮੋਗਾ ਦੇ ਕਾਹਨ ਸਿੰਘ ਵਾਲਾ ਅਤੇ ਜੋਗੇਵਾਲਾ ’ਚ ਲਾਗੂ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਵਿਚ ਪਿੰਡ ਦੇ ਛੱਪੜ ਦਾ ਸੁੰਦਰੀਕਰਨ ਅਤੇ ਨਵੀਨੀਕਰਨ ਕਰਨਾ ਰੋਜ਼ੀ-ਰੋਟੀ ਅਧੀਨ ਜ਼ਰੂਰਤਮੰਦ ਲੋਕਾਂ ਨੂੰ ਬੈਕਯਾਰਡ ਪੋਲਟਰੀ ਅਤੇ ਬੱਕਰੀ ਪਾਲਣ ਰਾਹੀਂ ਆਤਮ-ਨਿਰਭਰ ਬਣਾਉਣਾ, ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨਾ, ਘਰੇਲੂ ਗੰਦੇ ਪਾਣੀ ਦੇ ਨਿਕਾਸ ਲਈ ਸੋਕਪਿੱਟ ਬਣਾਉਣਾ, ਫਲਾਂ ਦੇ ਬਾਗ ਲਗਾਉਣਾ ਅਤੇ ਪਰਿਵਾਰਾਂ ਲਈ ਸ਼ੁੱਧ ਅਤੇ ਕੁਦਰਤੀ ਤਰੀਕੇ ਨਾਲ ਕਿਚਨ ਗਾਰਡਨ ਦਾ ਨਿਰਮਾਣ ਕਰਨਾ ਸ਼ਾਮਿਲ ਹੈ। ਇਸ ਪ੍ਰੋਗਰਾਮ ’ਚ ਉਚੇਚੇ ਤੌਰ ’ਤੇ ਡਾਕਟਰ ਹਰਜਾਪ ਕੌਰ ਵੈਟਨਰੀ ਅਫ਼ਸਰ ਵੀ ਪਹੁੰਚੇ ਅਤੇ ਉਨ੍ਹਾਂ ਨੇ ਆਏ ਹੋਏ ਲੋਕਾਂ ਨੂੰ ਡਿਪਾਰਟਮੈਂਟ ਦੀਆਂ ਵੱਖ ਵੱਖ ਸਕੀਮਾਂ ਤੋਂ ਜਾਣੂੰ ਕਰਵਾਇਆ। ਇਸ ਦੌਰਾਨ ਆਏ ਹੋਏ ਪਿੰਡ ਵਾਸੀਆਂ ਨੇ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਪ੍ਰੋਜੈਕਟ ਪ੍ਰਗਤੀ ਤਹਿਤ ਉਨ੍ਹਾਂ ਦੇ ਪਿੰਡ ’ਚ ਬਹੁਤ ਸਾਰੇ ਵਿਕਾਸ ਵਾਲੇ ਕੰਮ ਚੱਲ ਰਹੇ ਹਨ, ਜਿਸ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ, ਖਾਸ ਤੌਰ ’ਤੇ ਪਿੰਡ ਕਾਹਨ ਸਿੰਘ ਵਾਲਾ ਵਿਖੇ ਹੋਏ ਛੱਪੜ ਦੀ ਸਫ਼ਾਈ ਦੇ ਕੰਮ ਦੀ ਉਨ੍ਹਾਂ ਨੇ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਪਿਛਲੇ ਸਾਲਾਂ ’ਚ ਮੀਂਹ ਦੇ ਮੌਸਮ ’ਚ ਛੱਪਰ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ’ਚ ਵੜ ਜਾਂਦਾ ਸੀ ਪਰ ਸੰਸਥਾ ਵੱਲੋਂ ਖੂਹਾਂ ਦਾ ਨਿਰਮਾਣ ਕਰਕੇ ਤੇ ਛੱਪੜ ਨੂੰ ਡੂੰਘਾ ਕੀਤਾ ਗਿਆ ਹੈ ਜਿਸ ਨਾਲ ਪਿੰਡ ਵਾਸੀਆਂ ਅਤੇ ਖਾਸ ਤੌਰ ’ਤੇ ਛੱਪੜ ਦੇ ਨੇੜੇ ਰਹਿਣ ਵਾਲੇ ਘਰਾਂ ਨੂੰ ਬਹੁਤ ਹੀ ਰਾਹਤ ਮਿਲੀ ਹੈ। ਇਸ ਦੌਰਾਨ ਦੋਵਾਂ ਪਿੰਡਾਂ ਦੀ ਪੰਚਾਇਤ ਪਿੰਡ ਵਿਕਾਸ ਕਮੇਟੀ ਅਤੇ ਵੱਡੀ ਗਿਣਤੀ ’ਚ ਦੋਵਾਂ ਪਿੰਡਾਂ ਦੇ ਵਸਨੀਕ ਹਾਜ਼ਰ ਸਨ।