ਭਗਤਾਂ ਨੇ ਮਾਣਿਆ ਕਥਾ ਦਾ ਆਨੰਦ ਬ੍ਰਹਮਲੀਨ ਸਦਗ ੁਰੂਦੇਵ ਪੂਜਨੀਯ
Publish Date: Thu, 23 Jul 2026 04:21 PM (IST)
Updated Date: Fri, 24 Jul 2026 04:02 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਬ੍ਰਹਮਲੀਨ ਸਦਗੁਰੂਦੇਵ ਪੂਜਨੀਯ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਅਤੇ ਬ੍ਰਹਮਲੀਨ ਮਹਾਮੰਡਲੇਸ਼ਵਰ ਸਵਾਮੀ ਸਹਜ ਪ੍ਰਕਾਸ਼ ਜੀ ਮਹਾਰਾਜ ਦੀ ਪਾਵਨ ਤਪੋਭੂਮੀ ਗੀਤਾ ਭਵਨ ਮੋਗਾ ਵਿਖੇ ਗੁਰੂ ਪੂਰਨਿਮਾ ਮਹੋਤਸਵ ਮੌਕੇ ਗੀਤਾ ਭਵਨ ਟਰੱਸਟ ਸੋਸਾਇਟੀ ਵੱਲੋਂ ਟਰੱਸਟ ਦੇ ਸਰਪ੍ਰਸਤ ਪੂਜਨੀਯ ਸਵਾਮੀ ਚਿਨਮਯਾਨੰਦ ਜੀ ਮਹਾਰਾਜ ਦੀ ਪਵਿੱਤਰ ਹਾਜ਼ਰੀ ਅਤੇ ਮਾਰਗਦਰਸ਼ਨ ਹੇਠ ਕਰਵਾਈ ਜਾ ਰਹੀ ਸੰਗੀਤਮਈ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਕਥਾ ਦੇ ਦੂਜੇ ਦਿਨ ਸ਼ਰਧਾ, ਭਗਤੀ ਅਤੇ ਆਧਿਆਤਮਿਕ ਉਤਸ਼ਾਹ ਦਾ ਵਿਲੱਖਣ ਮਾਹੌਲ ਦੇਖਣ ਨੂੰ ਮਿਲਿਆ। ਕਥਾ ਪੰਡਾਲ ਵਿਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਅਤੇ ਸਾਰਾ ਮਾਹੌਲ ਰਾਧੇ-ਰਾਧੇ, ਜੈ ਸ਼੍ਰੀ ਕ੍ਰਿਸ਼ਨ ਦੇ ਜੈਕਾਰਿਆਂ ਅਤੇ ਭਜਨਾਂ ਦੀਆਂ ਮਿੱਠੀਆਂ ਧੁਨਾਂ ਨਾਲ ਭਗਤੀਮਈ ਬਣ ਗਿਆ। ਸਮਾਗਮ ਦੀ ਸ਼ੁਰੂਆਤ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਂਸਚਿਵ ਅੰਸ਼ੁਲ ਸ਼੍ਰੀਕੁੰਜ, ਸੀਨੀਅਰ ਉੱਪ ਪ੍ਰਧਾਨ ਰਵਿੰਦਰ ਸੂਦ, ਜੂਨੀਅਰ ਉੱਪ ਪ੍ਰਧਾਨ ਭਰਤ ਕੁਮਾਰ ਅਗਰਵਾਲ, ਸਹਿ ਸਕੱਤਰ ਸੁਰਿੰਦਰ ਗੋਇਲ, ਖਜ਼ਾਨਚੀ ਯੋਗੇਸ਼ ਗਰਗ, ਟਰੱਸਟੀ ਐਡਵੋਕੇਟ ਮਨਵਿੰਦਰ ਸੱਗੂ, ਟਰੱਸਟੀ ਐਡਵੋਕੇਟ ਕ੍ਰਿਸ਼ਨ ਮੁਰਾਰੀ ਗੁਪਤਾ ਅਤੇ ਹੋਰ ਯਜਮਾਨਾਂ ਵੱਲੋਂ ਸ਼੍ਰੀਮਦ ਭਾਗਵਤ ਪੂਜਨ, ਕਲਸ਼ ਸਥਾਪਨਾ ਅਤੇ ਸ਼੍ਰੀ ਗਣੇਸ਼ ਵੰਦਨਾ ਨਾਲ ਕੀਤੀ ਗਈ। ਪ੍ਰਵਚਨਾਂ ਦੌਰਾਨ ਕਥਾਵਾਚਕ ਪੂਜਨੀਯ ਸਵਾਮੀ ਵਿਗਿਆਨਾਨੰਦ ਸਰਸਵਤੀ ਜੀ ਮਹਾਰਾਜ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਸਿਰਫ਼ ਇਕ ਧਾਰਮਿਕ ਗ੍ਰੰਥ ਨਹੀਂ, ਸਗੋਂ ਖੁਦ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਦਿਵਯ ਸਰੂਪ ਹੈ। ਇਸ ਦਾ ਸ਼ਰਧਾਪੂਰਵਕ ਸ੍ਰਵਣ ਮਨੁੱਖ ਦੇ ਅੰਤਰਆਤਮਾ ਨੂੰ ਪਵਿੱਤਰ ਕਰਦਾ ਹੈ ਅਤੇ ਜੀਵਨ ਵਿਚ ਭਗਤੀ, ਗਿਆਨ ਅਤੇ ਵੈਰਾਗ ਦਾ ਸੰਚਾਰ ਕਰਦਿਆਂ ਆਤਮਿਕ ਸ਼ਾਂਤੀ ਅਤੇ ਮੋਖ ਦਾ ਰਾਹ ਖੋਲ੍ਹਦਾ ਹੈ। ਇਸ ਮੌਕੇ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਗੁਰੂ ਦਾ ਸਥਾਨ ਪਰਮਾਤਮਾ ਦੇ ਸਮਾਨ ਮੰਨਿਆ ਗਿਆ ਹੈ, ਕਿਉਂਕਿ ਗੁਰੂ ਹੀ ਮਨੁੱਖ ਨੂੰ ਆਤਮ ਗਿਆਨ, ਸੰਸਕਾਰ ਅਤੇ ਜੀਵਨ ਦਾ ਸਹੀ ਉਦੇਸ਼ ਦਿੰਦੇ ਹਨ। ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਕਥਾ ਦਾ ਸ੍ਰਵਣ ਕਰਕੇ ਸੰਤ-ਮਹਾਪੁਰਖਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ। ਉਨ੍ਹਾਂ ਦੱਸਿਆ ਕਿ 22 ਜੁਲਾਈ ਤੋਂ 28 ਜੁਲਾਈ ਤੱਕ ਹਰ ਰੋਜ਼ ਸ਼ਾਮ 3:30 ਵਜੇ ਤੋਂ 6:30 ਵਜੇ ਤੱਕ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। 29 ਜੁਲਾਈ ਨੂੰ ਸਵੇਰੇ 11:00 ਵਜੇ ਵਿਆਸ ਪੂਜਨ, ਗੁਰੂ ਪੂਰਨਿਮਾ ਮਹੋਤਸਵ ਅਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਹੋਵੇਗਾ, ਜਿਸ ਵਿਚ ਦੂਰ-ਦੁਰਾਡੇ ਤੋਂ ਆਉਣ ਵਾਲੇ ਸੰਤ-ਮਹਾਤਮਾਵਾਂ ਅਤੇ ਹਜ਼ਾਰਾਂ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਅੰਤ ਵਿਚ ਸ਼ਰਧਾਲੂਆਂ ਨੇ ਕਥਾ ਦਾ ਰਸਪਾਨ ਕੀਤਾ, ਭਜਨਾਂ ਤੇ ਭਾਵ-ਵਿਭੋਰ ਹੋ ਕੇ ਪ੍ਰਭੂ ਦਾ ਗੁਣਗਾਨ ਕੀਤਾ ਅਤੇ ਸਮੁੱਚਾ ਗੀਤਾ ਭਵਨ ਪਰਿਸਰ ਸ਼ਰਧਾ, ਭਗਤੀ ਅਤੇ ਆਧਿਆਤਮਿਕ ਊਰਜਾ ਨਾਲ ਸਰਾਬੋਰ ਹੋ ਗਿਆ।