- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਨੂੰ ਪੰਜਾਬ ਦੀ ਸਰਕਾਰੀ

ਲਛਮਣ ਸਿੰਘ ਗਿੱਲ ਦੀ ਪੰਜਾਬੀ ਭਾਸ਼ਾ ਨੂੰ ਦੇਣ ਸਦੀਆਂ ਤੱਕ ਯਾਦ ਰਹੇਗੀ : ਜਸਵੰਤ ਸਿੰਘ ਜ਼ਫ਼ਰ
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਪੰਜਾਬੀ ਨੂੰ ਪੰਜਾਬ ਦੀ ਸਰਕਾਰੀ ਭਾਸ਼ਾ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੀ ਜਨਮ-ਭੋਇੰ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ-2026 ਤਹਿਤ ਵਿਸ਼ੇਸ਼ ਸਮਾਗਮ ਕੈਪਟਨ ਗੁਰਦਿੱਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੂਹੜਚੱਕ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਦਫ਼ਤਰ ਮੋਗਾ ਵੱਲੋਂ ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਵਿਚ ਲਛਮਣ ਸਿੰਘ ਗਿੱਲ ਦੇ ਸਪੁੱਤਰ ਗੁਰਮੀਤ ਸਿੰਘ ਗਿੱਲ, ਪੁੱਤਰੀਆਂ ਸਤਵੰਤ ਕੌਰ ਤੇ ਕਿਰਨ ਕੌਰ, ਭਤੀਜਾ ਜਸਪਾਲ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਕੀਤੀ। ਗਿੱਲ ਦੀ ਪੰਜਾਬੀ ਭਾਸ਼ਾ ਨੂੰ ਦੇਣ ਸਬੰਧੀ ਸਤਿਕਾਰ ਤੇ ਯਾਦ ਵਿਚ ਕਰਵਾਏ ਗਏ ਇਸ ਸਮਾਗਮ ਦੌਰਾਨ ਉੱਘੇ ਕਾਲਮਨਵੀਸ ਡਾ. ਕੁਲਦੀਪ ਸਿੰਘ ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗਿੱਲ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ। ਇਸ ਮੌਕੇ ਸਿਰਜਣਾ ਆਰਟ ਗਰੁੱਪ ਰਾਏਕੋਟ ਵੱਲੋਂ ‘ਭਾਸ਼ਾ ਵਹਿੰਦਾ ਦਰਿਆ’ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਹਰਵਿੰਦਰ ਸਿੰਘ ਰੋਡੇ ਤੇ ਲਖਵਿੰਦਰ ਸਿੰਘ ਦੇ ਕਵੀਸ਼ਰੀ ਜਥੇ ਵੱਲੋਂ ਕਵਿਤਾਵਾਂ ਦਾ ਗਾਇਨ ਕਰਕੇ ਕੀਤੀ। ਮਾ. ਮਨਦੀਪ ਸਿੰਘ ਨੇ ਪਿੰਡ ਚੂਹੜਚੱਕ ਦੇ ਵਾਸੀਆਂ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਜਸਪਾਲ ਸਿੰਘ ਸਿੱਧੂ ਨੇ ਲਛਮਣ ਸਿੰਘ ਗਿੱਲ ਦੇ ਪਰਿਵਾਰ ਵੱਲੋਂ ਵਿਚਾਰ ਰੱਖੇ। ਉਨ੍ਹਾਂ ਗਿੱਲ ਦੇ ਸਰਲ ਅਤੇ ਕਰਮਯੋਗੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਸਾਬਕਾ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਤੂਰ ਨੇ ਸ. ਗਿੱਲ ਦੇ ਜੀਵਨ ਬਾਰੇ ਸ਼ਬਦੀ ਸਾਂਝ ਪਾਈ। ਸਮਾਗਮ ਦੇ ਅਖ਼ੀਰ ਵਿਚ ਸਿਰਜਣਾ ਆਰਟ ਰਾਏਕੋਟ ਦੀ ਟੀਮ ਨੇ ਸੁਰਜੀਤ ਪਾਤਰ ਦੀਆਂ ਕਵਿਤਾਵਾਂ ’ਤੇ ਅਧਾਰਤ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਡਾ. ਸੋਮਪਾਲ ਹੀਰਾ ਦੀ ਨਿਰਦੇਸ਼ਨਾ ’ਚ ਖੇਡਿਆ। ਪੰਜਾਬੀ ਭਾਸ਼ਾ ਦੀ ਅਮੀਰੀ ਤੇ ਅਹਿਮੀਅਤ ਦਰਸਾਉਂਦੇ ਇਸ ਨਾਟਕ ’ਚ ਮੁੱਖ ਭੂਮਿਕਾ ਪਰਮਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਦੀਪ ਸਿੰਘ ਤੇ ਗੁਰਨੂਰ ਸਿੰਘ ਨੇ ਨਿਭਾਈਆਂ। ਬੈਕ ਸਟੇਜ ਕਮਲ ਢਿੱਲੋਂ, ਮੋਹੀ ਅਮਰਜੀਤ ਸਿੰਘ, ਪ੍ਰਭਜੋਤ ਸਿੰਘ ਤੇ ਗੁਰਮੀਤ ਹਠੂਰ ਨੇ ਜ਼ਿੰਮੇਵਾਰੀਆਂ ਨਿਭਾਈਆਂ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖੂਬੀ ਕੀਤਾ। ਸਮਾਗਮ ਦੀ ਸਫ਼ਲਤਾ ਲਈ ਯੋਗਦਾਨ ਪਾਉਣ ਵਾਲੇ ਮੇਜ਼ਬਾਨ ਸਕੂਲ ਦੇ ਪ੍ਰਿੰ. ਹਰਪ੍ਰੀਤ ਸਿੰਘ, ਡਾ. ਸੁਰਿੰਦਰਪਾਲ ਸ਼ਰਮਾ ਅਮਰੀਕਾ, ਇਕਵਿੰਦਰ ਸਿੰਘ ਗਿੱਲ ਅਮਰੀਕਾ, ਬੀਬਾ ਜਸ ਢਿੱਲੋਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਤੇ ਚਟੋਪਧਾਏ, ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਜਗਦੀਪ ਸੰਧੂ, ਸਾਬਕਾ ਐੱਸਡੀਓ ਨਵਰੂਪ ਸਿੰਘ, ਪਿੰਡ ਦੇ ਸਰਪੰਚ ਸਾਹਿਬ, ਮੈਂਬਰ ਸਾਹਿਬਾਨ, ਸਮੂਹ ਪਿੰਡ ਵਾਸੀ, ਹੈੱਡਮਾਸਟਰ ਬਿਮਲ ਕੁਮਾਰ, ਨਾਮਵਰ ਲੇਖਕ ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਬਰਾੜ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਪਰਮਜੀਤ ਸਿੰਘ ਚੂਹੜਚੱਕ, ਸਾਧੂ ਰਾਮ ਲੰਗੇਆਣਾ, ਡਾ. ਸੁਰਜੀਤ ਦੌਧਰ, ਰਣਜੀਤ ਸਿੰਘ ਹਠੂਰ, ਕੇਵਲ ਅਰੋੜਾ, ਮੱਖਣ ਲਾਲ ਗਰਗ, ਭੁਪਿੰਦਰ ਸਿੰਘ ਹੁੰਦਲ ਅਮਰੀਕਾ, ਸਾਹਿਤਕਾਰ ਜਸਵਿੰਦਰ ਛਿੰਦਾ, ਸ਼ਮਸ਼ੇਰ ਸਿੰਘ ਗਾਲਿਬ, ਕੈਪਟਨ ਪੂਰਨ ਸਿੰਘ ਗੱਗੜਾ, ਅਜੀਤ ਪਿਆਸਾ, ਰਸ਼ਪਾਲ ਸਿੰਘ ਚੱਕਰ, ਪਰਮਪ੍ਰੀਤ ਸਿੰਘ ਤੇ ਵੱਡੀ ਗਿਣਤੀ ’ਚ ਪੰਜਾਬੀ ਪ੍ਰੇਮੀ ਹਾਜ਼ਰ ਸਨ।