79ਵੇਂ ਨਿਰੰਕਾਰੀ ਸੰਤ ਸਮਾਗਮ ਦਾ ਆਗਾਜ਼ ਮਨੁੱਖੀ ਜੀਵਨ ਵਿਚ ਅਧਿਆਤਮਿਕਤਾ
Publish Date: Fri, 23 Oct 2026 06:54 PM (IST)
Updated Date: Fri, 23 Oct 2026 06:57 PM (IST)
ਜਗਮੀਤ ਸਿੰਘ, ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ: ਮਨੁੱਖੀ ਜੀਵਨ ਵਿਚ ਅਧਿਆਤਮਿਕਤਾ ਦਾ ਮਹੱਤਵ ਸਿਰਫ਼ ਧਾਰਮਿਕ ਸਮਾਗਮਾਂ ਤੱਕ ਸੀਮਤ ਨਹੀਂ, ਸਗੋਂ ਇਹ ਮਨੁੱਖ ਦੇ ਵਿਚਾਰਾਂ, ਵਿਹਾਰ ਅਤੇ ਦੂਜਿਆਂ ਪ੍ਰਤੀ ਉਸ ਦੇ ਨਜ਼ਰੀਏ ਵਿੱਚ ਵੀ ਦਿਖਾਈ ਦੇਣਾ ਚਾਹੀਦਾ ਹੈ। ਇਸੇ ਸੰਦੇਸ਼ ਨਾਲ 79ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀ ਸ਼ੁੱਕਰਵਾਰ ਨੂੰ ਸ਼ਾਨਦਾਰ ਸ਼ੁਰੂਆਤ ਹੋਈ। ਸਮਾਗਮ ਦੇ ਪਹਿਲੇ ਦਿਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਮਨੁੱਖ ਨੂੰ ਹਰ ਪਲ ਪਰਮਾਤਮਾ ਦੀ ਮੌਜੂਦਗੀ ਦਾ ਅਹਿਸਾਸ ਕਰਦਿਆਂ ਜੀਵਨ ਬਤੀਤ ਕਰਨ ਅਤੇ ਮਾਨਵਤਾ ਦੇ ਗੁਣ ਅਪਣਾਉਣ ਲਈ ਪ੍ਰੇਰਿਤ ਕੀਤਾ। 23 ਤੋਂ 26 ਅਕਤੂਬਰ ਤੱਕ ਚੱਲਣ ਵਾਲੇ ਇਸ ਚਾਰ ਰੋਜ਼ਾ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਛਤਰ-ਛਾਇਆ ਹੇਠ ਹੋ ਰਹੇ ਇਸ ਸਮਾਗਮ ਦਾ ਮੁੱਖ ਉਦੇਸ਼ ਅਧਿਆਤਮਿਕ ਵਿਚਾਰਧਾਰਾ ਰਾਹੀਂ ਮਨੁੱਖੀ ਮਨ ਨੂੰ ਜਾਗਰੂਕ ਕਰਨਾ ਅਤੇ ਸਮਾਜ ਵਿੱਚ ਪਿਆਰ, ਸਦਭਾਵਨਾ ਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਸਮਾਗਮ ਦੇ ਪਹਿਲੇ ਦਿਨ ‘ਮਾਨਵਤਾ ਦੇ ਨਾਮ ਸੰਦੇਸ਼’ ਦੌਰਾਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਕਿਹਾ ਕਿ ਅਸਲ ਜਾਗ੍ਰਿਤੀ ਉਦੋਂ ਆਉਂਦੀ ਹੈ, ਜਦੋਂ ਮਨੁੱਖ ਪਰਮਾਤਮਾ ਦੀ ਮੌਜੂਦਗੀ ਨੂੰ ਮਹਿਸੂਸ ਕਰਦਿਆਂ ਅਧਿਆਤਮਿਕਤਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਂਦਾ ਹੈ। ਉਨ੍ਹਾਂ ਅਨੁਸਾਰ, ਸੰਤ ਸਮਾਗਮ ਵਿੱਚ ਇਕੱਠੇ ਹੋਣ ਦਾ ਮਕਸਦ ਸਿਰਫ਼ ਇਕੱਠ ਕਰਨਾ ਨਹੀਂ, ਬਲਕਿ ਮਨੁੱਖੀ ਮਨ ਵਿੱਚ ਅਧਿਆਤਮਿਕ ਚੇਤਨਾ ਨੂੰ ਨਿਰੰਤਰ ਬਣਾਈ ਰੱਖਣਾ ਹੈ, ਤਾਂ ਜੋ ਹਰ ਵਿਅਕਤੀ ਆਪਣੇ ਜੀਵਨ ਨੂੰ ਸਹੀ ਦਿਸ਼ਾ ਦੇ ਸਕੇ। ਸਤਿਗੁਰੂ ਮਾਤਾ ਜੀ ਨੇ ਮਨੁੱਖ ਨੂੰ ਆਪਣੇ ਘਰ, ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਵਿਸ਼ਵ ਪੱਧਰ ਤੇ ਵੀ ਆਪਣੀ ਜ਼ਿੰਮੇਵਾਰੀ ਸਮਝਣ ਦਾ ਸੱਦਾ ਦਿੱਤਾ। ਉਨ੍ਹਾਂ ਦੇ ਸੰਦੇਸ਼ ਅਨੁਸਾਰ ਜਾਤ-ਪਾਤ, ਭਾਸ਼ਾ, ਖੇਤਰ ਅਤੇ ਸੁਭਾਅ ਦੇ ਅੰਤਰ ਮਨੁੱਖਾਂ ਵਿਚਕਾਰ ਦੂਰੀ ਦਾ ਕਾਰਨ ਨਹੀਂ ਬਣਨੇ ਚਾਹੀਦੇ। ਹਰ ਮਨੁੱਖ ਨੂੰ ਪਿਆਰ, ਸਤਿਕਾਰ ਅਤੇ ਅਪਣੱਤ ਨਾਲ ਸਵੀਕਾਰ ਕਰਨਾ ਹੀ ਮਾਨਵਤਾ ਦੀ ਅਸਲ ਪਛਾਣ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਧਿਆਤਮਿਕਤਾ ਦਾ ਪ੍ਰਭਾਵ ਮਨੁੱਖ ਦੇ ਆਚਰਨ ਅਤੇ ਸਮਾਜਿਕ ਵਿਹਾਰ ਵਿੱਚ ਦਿਖਾਈ ਦੇਣਾ ਚਾਹੀਦਾ ਹੈ। ਜੀਵਨ ਵਿੱਚ ਆਉਣ ਵਾਲੀਆਂ ਵੱਖ-ਵੱਖ ਸਥਿਤੀਆਂ ਦੌਰਾਨ ਪਰਮਾਤਮਾ ਦੀ ਰਜ਼ਾ ਨੂੰ ਸਵੀਕਾਰ ਕਰਨਾ, ਉਸ ਦੀਆਂ ਬਖ਼ਸ਼ਿਸ਼ਾਂ ਲਈ ਸ਼ੁਕਰਾਨਾ ਕਰਨਾ ਅਤੇ ਸੰਤੋਖ ਨਾਲ ਜੀਵਨ ਬਤੀਤ ਕਰਨਾ ਅਧਿਆਤਮਿਕ ਚੇਤਨਾ ਦੇ ਮਹੱਤਵਪੂਰਨ ਪੱਖ ਹਨ। ਸਮਾਗਮ ਦੇ ਪਹਿਲੇ ਦਿਨ ‘ਮਾਨਵਤਾ ਦੇ ਨਾਮ ਸੰਦੇਸ਼’ ਪ੍ਰੋਗਰਾਮ ਤੋਂ ਪਹਿਲਾਂ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਵੀ ਕਰਵਾਈ ਗਈ। ਇਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ਨੇ ਹਿੱਸਾ ਲਿਆ। ਉਨ੍ਹਾਂ ਨੂੰ ਸੰਤ ਸਮਾਗਮ ਦੇ ਉਦੇਸ਼ਾਂ, ਅਧਿਆਤਮਿਕ ਵਿਚਾਰਧਾਰਾ ਅਤੇ ਨਿਰੰਕਾਰੀ ਮਿਸ਼ਨ ਵੱਲੋਂ ਕੀਤੇ ਜਾ ਰਹੇ ਲੋਕ-ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਸਮਾਗਮ ਦੌਰਾਨ ਅਧਿਆਤਮਿਕ ਵਿਚਾਰਾਂ ਅਤੇ ਮਾਨਵਤਾ ਦੇ ਸੰਦੇਸ਼ ਰਾਹੀਂ ਲੋਕਾਂ ਨੂੰ ਆਪਸੀ ਭਾਈਚਾਰੇ, ਸਹਿਣਸ਼ੀਲਤਾ ਅਤੇ ਸਦਭਾਵਨਾ ਨਾਲ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਫੁੱਲਾਂ ਦੀ ਵਰਖਾ ਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਸਵਾਗਤ ਸਮਾਗਮ ਸਥੱਲ ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਸਵਾਗਤ ਸੰਤ ਨਿਰੰਕਾਰੀ ਮੰਡਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਕੀਤਾ, ਜਦਕਿ ਮੰਡਲ ਦੀ ਪ੍ਰਧਾਨ ਰਾਜਕੁਮਾਰੀ ਨੇ ਫੁੱਲਾਂ ਦਾ ਹਾਰ ਪਹਿਨਾਇਆ। ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਸਵਾਗਤ ਐੱਸ. ਐੱਲ. ਗਰਗ ਨੇ ਗੁਲਦਸਤਾ ਭੇਟ ਕਰਕੇ ਅਤੇ ਐੱਚ. ਐੱਸ. ਚਾਵਲਾ ਨੇ ਫੁੱਲਾਂ ਦਾ ਹਾਰ ਪਹਿਨਾ ਕੇ ਕੀਤਾ। ਇਸ ਤੋਂ ਬਾਅਦ ਦੋਵਾਂ ਨੂੰ ਫੁੱਲਾਂ ਨਾਲ ਸਜਾਈ ਪਾਲਕੀ ਵਿੱਚ ਬਿਠਾ ਕੇ ਸ਼ੋਭਾ ਯਾਤਰਾ ਦੇ ਰੂਪ ਵਿੱਚ ਮੁੱਖ ਮੰਚ ਤੱਕ ਲਿਜਾਇਆ ਗਿਆ। ਇਸ ਦੌਰਾਨ ਨਿਰੰਕਾਰੀ ਇੰਸਟੀਚਿਊਟ ਆਫ਼ ਮਿਊਜ਼ਿਕ ਐਂਡ ਆਰਟਸ ਦੇ 600 ਤੋਂ ਵੱਧ ਵਿਦਿਆਰਥੀਆਂ ਨੇ ਭਰਤਨਾਟਿਅਮ ਨਾਚ ਅਤੇ ਸਵਾਗਤੀ ਗੀਤ ਪੇਸ਼ ਕਰਕੇ ਸਮਾਗਮ ਦੀ ਸ਼ੁਰੂਆਤ ਨੂੰ ਸੱਭਿਆਚਾਰਕ ਰੰਗ ਦਿੱਤਾ। ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਆਸ਼ੀਰਵਾਦ ਨਾਲ ਸਮਾਗਮ ਸਥੱਲ ਤੇ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ। ਵੱਖ-ਵੱਖ ਸੱਭਿਆਚਾਰਾਂ, ਧਰਮਾਂ, ਭਾਸ਼ਾਵਾਂ ਅਤੇ ਖੇਤਰਾਂ ਨਾਲ ਸਬੰਧਤ ਸ਼ਰਧਾਲੂਆਂ ਦੀ ਸ਼ਮੂਲੀਅਤ ਨੇ ਆਪਸੀ ਸਾਂਝ ਅਤੇ ਮਾਨਵ ਏਕਤਾ ਦੇ ਸੰਦੇਸ਼ ਨੂੰ ਉਭਾਰਿਆ।