ਖ਼ਾਲਸਾ ਸਕੂਲ ਤਖ਼ਤੂਪੁਰਾ ਦਾ 76ਵਾਂ ਸਥਾਪਨਾ ਦਿਵਸ ਮਨਾਇਆ ਸਥਾਪਨਾ ਦਿਵਸ ਮਨਾਉਣ ਸਮੇਂ ਮੌਜੂਦ ਅਧਿਆਪਕ, ਪਤਵੰਤੇ ਤੇ ਵਿਦਿਆਰਥੀ।
Publish Date: Tue, 24 Nov 2026 03:43 PM (IST)
Updated Date: Tue, 24 Nov 2026 03:46 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਮੋਗਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀਂ ਇਲਾਕੇ ਦੀ ਪੁਰਾਣੀ ਨਾਮੀ ਸੰਸਥਾ ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਖ਼ਤੂਪੁਰਾ ਸਾਹਿਬ ਦਾ 76ਵਾਂ ਸਥਾਪਨਾ ਦਿਵਸ ਉਤਸ਼ਾਹ ਪੂਰਬਕ ਮਨਾਇਆ ਗਿਆ। ਇਸ ਸਮੇਂ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਕੂਲ ਵਿਚ ਪ੍ਰਕਾਸ਼ ਕਰਵਾਕੇ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ। ਰਾਗੀ ਜਥੇ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੀ ਸੰਪੂਰਨਤਾ ਤੇ ਸਰਬੱਤ ਦੇ ਭਲੇ ਅਤੇ ਸੰਸਥਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਸੰਦੀਪ ਸਿੰਘ ਵੋਹਰਾ ਨੇ ਦੱਸਿਆ ਕਿ ਇਹ ਸੰਸਥਾ ਆਪਣੇ ਗੌਰਵਮਈ ਸਫ਼ਰ ਦੇ 75 ਵਰ੍ਹੇ ਪੂਰੇ ਕਰਕੇ 76ਵੇਂ ਸਾਲ ਵਿਚ ਪ੍ਰਵੇਸ਼ ਕਰ ਚੁੱਕੀ ਹੈ। ਇਸ ਪੰਧ ਦੌਰਾਨ ਇਸ ਅਦਾਰੇ ਨੇ ਸਿੱਖਿਆ, ਖੇਡਾਂ ਅਤੇ ਸਹਿ ਪਾਠੀ ਕ੍ਰਿਆਵਾਂ ਵਿਚ ਨਿਵੇਕਲੀ ਪਛਾਣ ਸਥਾਪਿਤ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਹੁਣ ਵੀ ਇਥੋਂ ਦੇ ਮਿਹਨਤੀ ਸਟਾਫ਼ ਦੁਆਰਾ ਮਿਆਰੀ ਸਿੱਖਿਆ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਪਹੁੰਚੀਆਂ ਸਤਿਕਾਰਤ ਸ਼ਖ਼ਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਬੀਬੀ ਨਰਿੰਦਰ ਕੌਰ ਰਣੀਆਂ, ਪ੍ਰਿੰਸੀਪਲ ਮਾਲਵਿੰਦਰ ਸਿੰਘ, ਸਾਬਕਾ ਪ੍ਰਿੰਸੀਪਲ ਸੁਖਚੈਨ ਸਿੰਘ ਢਿੱਲੋਂ, ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ, ਸਰਪੰਚ ਹਰਦੀਪ ਸਿੰਘ ਦਿਉਲ, ਸਾਬਕਾ ਸਰਪੰਚ ਗੁਰਮੇਲ ਸਿੰਘ, ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।