- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕੇ ਦੀ ਨਾਮਵਰ ਵਿੱਦਿਅਕ

ਗੁਰਦੇਵ ਮਨੇਸ, ਪੰਜਾਬੀ ਜਾਗਰਣ ਕੋਟ ਈਸੇ ਖਾਂ: ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਵਿਸ਼ੇਸ਼ ਮਹੱਤਤਾ ਦਿੱਤੀ ਜਾ ਰਹੀ ਹੈ। ਪੰਜਾਬ ਸਕੂਲ ਖੇਡਾਂ ਤਹਿਤ ਵੱਖ-ਵੱਖ ਸਕੂਲਾਂ ’ਚ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਹੇਮਕੁੰਟ ਸਕੂਲ ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕੀਤੇ। ਇਸ ਪ੍ਰਦਰਸ਼ਨ ਦੇ ਆਧਾਰ ’ਤੇ ਸਕੂਲ ਦੇ ਕੁੱਲ 67 ਖਿਡਾਰੀਆਂ ਦੀ ਰਾਜ ਪੱਧਰੀ ਖੇਡਾਂ ਲਈ ਚੋਣ ਹੋਈ ਹੈ। ਸਕੂਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਾਜ ਪੱਧਰ ’ਤੇ ਚੁਣੇ ਗਏ ਖਿਡਾਰੀਆਂ ’ਚ ਕਰਾਟੇ ਅੰਡਰ-14 ਅਤੇ ਅੰਡਰ-17 ਦੇ 3, ਵੁਸ਼ੂ ਅੰਡਰ-19 ਦੇ 7, ਬੀਚ ਵਾਲੀਬਾਲ ਅਤੇ ਟੇਬਲ ਟੈਨਿਸ ਅੰਡਰ-14 ਦੇ 2, ਬਾਸਕਟਬਾਲ ਅੰਡਰ-14 ਅਤੇ ਅੰਡਰ-17 ਦੇ 6, ਨੈਟਬਾਲ ਅੰਡਰ-14 ਅਤੇ ਅੰਡਰ-17 ਦੇ 21, ਤਾਈਕਵਾਂਡੋ ਅੰਡਰ-14 ਅਤੇ ਅੰਡਰ-17 ਦੇ 7 ਅਤੇ ਬੇਸਬਾਲ/ਸਾਫਟਬਾਲ ਅੰਡਰ-14, ਅੰਡਰ-17 ਅਤੇ ਅੰਡਰ-19 ਦੇ 21 ਖਿਡਾਰੀ ਸ਼ਾਮਲ ਹਨ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮਡੀ ਰਣਜੀਤ ਕੌਰ ਸੰਧੂ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਖਿਡਾਰੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਸਕੂਲ ਦੀ ਪ੍ਰਿੰਸੀਪਲ ਰਣਜੀਤ ਕੌਰ ਅਤੇ ਸਮੂਹ ਸਟਾਫ਼ ਵੱਲੋਂ ਵੀ ਰਾਜ ਪੱਧਰੀ ਖੇਡਾਂ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਸਕੂਲ ਪ੍ਰਬੰਧਕਾਂ ਨੇ ਇਸ ਸਫ਼ਲਤਾ ਦਾ ਸਿਹਰਾ ਤਜ਼ੁਰਬੇਕਾਰ ਡੀਪੀ ਮਹੇਸ਼ ਕੁਮਾਰ, ਕੋਚ ਜਗਵਿੰਦਰ ਸਿੰਘ, ਸੁਰਿੰਦਰ ਸਿੰਘ, ਹਰਸ਼ਦੀਪ ਸਿੰਘ, ਅਮਨਦੀਪ ਸ਼ਰਮਾ, ਜਿੰਦਰਪਾਲ ਸਿੰਘ, ਚੰਦਨ ਕਪਾਹੀ, ਕੋਚ ਪ੍ਰੀਆ, ਸਤਿੰਦਰ ਕੌਰ, ਸਿਮਰਨਜੀਤ ਕੌਰ, ਰੁਪਿੰਦਰ ਕੌਰ ਅਤੇ ਮਨਜੀਤ ਕੌਰ ਦੀ ਮਿਹਨਤ ਤੇ ਯੋਗ ਸਿਖਲਾਈ ਨੂੰ ਦਿੱਤਾ।