- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਸਰਕਾਰ ਦੀ ਵਿੱਤੀ ਸਹਾਇਤਾ

2023 ’ਚ ਤਿਆਰ ਹੋਈ ਇਮਾਰਤ, ਤਿੰਨ ਸਾਲ ਬਾਅਦ ਵੀ ਨਹੀਂ ਹੋ ਸਕਿਆ ਪੂਰੀ ਤਰ੍ਹਾਂ ਚਾਲੂ
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਕੇਂਦਰ ਸਰਕਾਰ ਦੀ ਵਿੱਤੀ ਸਹਾਇਤਾ ਨਾਲ ਮੋਗਾ ਵਿਚ ਬਣਾਇਆ ਗਿਆ 50 ਬਿਸਤਰਿਆਂ ਦੀ ਸਮਰੱਥਾ ਵਾਲਾ ਹਸਪਤਾਲ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਚਾਲੂ ਨਹੀਂ ਹੋ ਸਕਿਆ। ਸਾਲ 2023 ਵਿਚ ਬਣ ਕੇ ਤਿਆਰ ਹੋਏ ਇਸ ਵਿਸ਼ਾਲ ਹਸਪਤਾਲ ਦੀ ਇਮਾਰਤ ਪੰਜਾਬ ਸਰਕਾਰ ਨੂੰ ਸੌਂਪੀ ਜਾ ਚੁੱਕੀ ਸੀ ਪਰ ਇਸ ਨੂੰ ਪੂਰੀਆਂ ਹਸਪਤਾਲੀ ਸਹੂਲਤਾਂ ਨਾਲ ਸ਼ੁਰੂ ਕਰਨ ਵਿੱਚ ਲੰਮਾ ਸਮਾਂ ਲੱਗ ਗਿਆ। ਹਾਲਾਤ ਇਹ ਹਨ ਕਿ ਇੰਨੀ ਵੱਡੀ ਇਮਾਰਤ ਵਿਚ ਫਿਲਹਾਲ ਆਯੁਰਵੈਦਿਕ ਅਤੇ ਹੋਮਿਓਪੈਥਿਕ ਡਿਸਪੈਂਸਰੀਆਂ ਰਾਹੀਂ ਹੀ ਮਰੀਜ਼ਾਂ ਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਮਰੀਜ਼ਾਂ ਨੂੰ ਦਾਖ਼ਲ ਕਰਨ ਅਤੇ ਹੋਰ ਇਲਾਜ ਸਹੂਲਤਾਂ ਸ਼ੁਰੂ ਹੋਣ ਦੀ ਉਡੀਕ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਦੋ ਹਸਪਤਾਲ ਮਨਜ਼ੂਰ ਕੀਤੇ ਗਏ ਸਨ, ਜਿੰਨ੍ਹਾਂ ਵਿਚੋਂ ਇਕ ਬਠਿੰਡਾ ਅਤੇ ਦੂਜਾ ਮੋਗਾ ਵਿਖੇ ਬਣਾਇਆ ਗਿਆ ਹੈ। ਮੋਗਾ ਵਿਚ ਤਿਆਰ ਕੀਤੇ ਗਏ ਇਸ ਹਸਪਤਾਲ ਦੀ ਇਮਾਰਤ ਵਿਚ 50 ਬਿਸਤਰਿਆਂ ਵਾਲੇ ਵਾਰਡ, ਆਪ੍ਰੇਸ਼ਨ ਥੀਏਟਰ, ਰਿਕਵਰੀ ਰੂਮ ਅਤੇ ਆਯੁਰਵੈਦਿਕ ਸਰਜੀਕਲ ਪ੍ਰਕਿਰਿਆਵਾਂ ਨਾਲ ਸਬੰਧਤ ਕਮਰੇ ਅਤੇ ਹੋਰ ਲੋੜੀਂਦੇ ਸਾਧਨ ਮੌਜੂਦ ਹਨ। ਇਸ ਦੇ ਬਾਵਜੂਦ ਸਟਾਫ਼ ਅਤੇ ਲੋੜੀਂਦੇ ਸਾਮਾਨ ਦੀ ਘਾਟ ਕਾਰਨ ਹਸਪਤਾਲ ਦੀਆਂ ਸਾਰੀਆਂ ਸਹੂਲਤਾਂ ਸ਼ੁਰੂ ਨਹੀਂ ਹੋ ਸਕੀਆਂ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ 50 ਬਿਸਤਰਿਆਂ ਵਾਲੇ ਵਾਰਡਾਂ ਵਿਚ ਕੁਝ ਬਿਸਤਰੇ ਪਹੁੰਚ ਚੁੱਕੇ ਹਨ, ਪਰ ਅਜੇ ਵੀ ਕਈ ਜ਼ਰੂਰੀ ਸਾਜ਼ੋ-ਸਾਮਾਨ ਅਤੇ ਹੋਰ ਸਮੱਗਰੀ ਦੀ ਲੋੜ ਹੈ। ਹਾਲ ਹੀ ਵਿਚ ਸਿਹਤ ਵਿਭਾਗ ਵੱਲੋਂ ਇਥੇ ਪਹਿਲੇ ਪੜਾਅ ਵਿੱਚ 10 ਬਿਸਤਰਿਆਂ ਵਾਲਾ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਇਸ ਦਿਸ਼ਾ ਵਿੱਚ ਵੀ ਤਿਆਰੀਆਂ ਅਜੇ ਪੂਰੀਆਂ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਫਿਲਹਾਲ ਇੱਥੇ 24 ਘੰਟੇ ਆਊਟਡੋਰ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਬਣੇ ਇਸ 50 ਬਿਸਤਰਿਆਂ ਵਾਲੇ ਹਸਪਤਾਲ ਨੂੰ ਪੂਰੀ ਸਮਰੱਥਾ ਨਾਲ ਚਾਲੂ ਕਰਨ ਲਈ ਸਰਕਾਰ ਕਦੋਂ ਤੱਕ ਲੋੜੀਂਦਾ ਸਟਾਫ਼ ਅਤੇ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ, ਤਾਂ ਜੋ ਮੋਗਾ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਦਾ ਅਸਲ ਲਾਭ ਮਿਲ ਸਕੇ।
ਛੇ ਡਿਸਪੈਂਸਰੀਆਂ ਦਾ ਕੰਮਕਾਜ ਹੋ ਰਿਹਾ ਪ੍ਰਭਾਵਿਤ
ਇਸ ਹਸਪਤਾਲ ਵਿਚ ਡਾਕਟਰਾਂ ਦੀਆਂ ਡਿਊਟੀਆਂ ਲਗਾਉਣ ਕਾਰਨ ਮੋਗਾ ਦੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਛੇ ਡਿਸਪੈਂਸਰੀਆਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਣ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰ ਸੂਤਰਾਂ ਅਨੁਸਾਰ ਇੱਥੇ ਫਿਲਹਾਲ ਸੱਤ ਡਾਕਟਰਾਂ ਅਤੇ ਸੱਤ ਫਾਰਮਾਸਿਸਟਾਂ ਦੀ ਵਿਵਸਥਾ ਕੀਤੀ ਗਈ ਹੈ। ਇਹ ਪ੍ਰਬੰਧ ਲਗਭਗ ਇੱਕ ਮਹੀਨਾ ਪਹਿਲਾਂ ਲਾਗੂ ਕੀਤਾ ਗਿਆ ਸੀ। ਡਾਕਟਰਾਂ ਅਤੇ ਫਾਰਮਾਸਿਸਟਾਂ ਦੀਆਂ ਡਿਊਟੀਆਂ ਸਵੇਰ, ਦੁਪਹਿਰ ਅਤੇ ਰਾਤ ਦੀਆਂ ਵੱਖ-ਵੱਖ ਸ਼ਿਫਟਾਂ ਵਿੱਚ ਲਗਾਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਲਗਭਗ ਇੱਕ ਮਹੀਨਾ ਪਹਿਲਾਂ ਆਯੁਰਵੈਦਿਕ ਵਿਭਾਗ ਦੇ ਡਾਇਰੈਕਟਰ ਨੇ ਹਸਪਤਾਲ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਪਹਿਲੇ ਪੜਾਅ ਵਿੱਚ 10 ਬਿਸਤਰਿਆਂ ਵਾਲਾ ਹਸਪਤਾਲ ਚਾਲੂ ਕਰਨ ਲਈ ਲੋੜੀਂਦੇ ਸਾਜ਼ੋ-ਸਾਮਾਨ ਅਤੇ ਹੋਰ ਸਰੋਤਾਂ ਦੀ ਸੂਚੀ ਤਿਆਰ ਕਰਵਾਈ ਸੀ। ਵਿਭਾਗ ਦੀ ਯੋਜਨਾ ਹੈ ਕਿ ਪਹਿਲਾਂ 10 ਬਿਸਤਰਿਆਂ ਵਾਲੀ ਸਹੂਲਤ ਸ਼ੁਰੂ ਕੀਤੀ ਜਾਵੇ ਅਤੇ ਇਸ ਤੋਂ ਬਾਅਦ ਹੌਲੀ-ਹੌਲੀ ਬਿਸਤਰਿਆਂ ਦੀ ਸਮਰੱਥਾ ਵਧਾਈ ਜਾਵੇ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕੰਮ ਨੂੰ ਪੂਰੀ ਤਰ੍ਹਾਂ ਅਮਲੀ ਰੂਪ ਨਹੀਂ ਮਿਲ ਸਕਿਆ।
ਕਰਮਚਾਰੀਆਂ ਦੀ ਨਿਯੁਕਤੀ ਪ੍ਰਕਿਰਿਆ ਜਾਰੀ : ਡਾ. ਰਮਨ ਖੰਨਾ
ਆਯੁਰਵੈਦਿਕ ਵਿਭਾਗ ਦੇ ਡਾਇਰੈਕਟਰ ਡਾ. ਰਮਨ ਖੰਨਾ ਨੇ ਦੱਸਿਆ ਕਿ ਹਸਪਤਾਲ ਨੂੰ ਚਲਾਉਣ ਲਈ ਲੋੜੀਂਦੇ ਕਰਮਚਾਰੀਆਂ ਦੀ ਨਿਯੁਕਤੀ ਸਬੰਧੀ ਪੰਜਾਬ ਸਰਕਾਰ ਤੋਂ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਹੁਣ ਉਨ੍ਹਾਂ ਨੂੰ ਤਾਇਨਾਤ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਸਪਤਾਲ ਵਿੱਚ ਇੱਕ ਪੰਚਕਰਮ ਮਾਹਿਰ ਅਤੇ ਇੱਕ ਕਸ਼ਾਰ ਸੂਤਰ ਮਾਹਿਰ ਦੀ ਨਿਯੁਕਤੀ ਵੀ ਕੀਤੀ ਜਾਵੇਗੀ। ਇਸ ਸਬੰਧੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ। ਵਿਭਾਗ ਦਾ ਪਹਿਲਾ ਟੀਚਾ ਇੱਥੇ 10 ਬਿਸਤਰਿਆਂ ਵਾਲਾ ਹਸਪਤਾਲ ਚਾਲੂ ਕਰਨਾ ਹੈ ਅਤੇ ਇਸੇ ਅਨੁਸਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਆਊਟਡੋਰ ਸੇਵਾਵਾਂ ਜਾਰੀ, ਰੋਜ਼ਾਨਾ ਆ ਰਹੇ ਮਰੀਜ਼ : ਡਾ. ਭੁਪਿੰਦਰ ਪਾਲ ਸਿੰਘ
ਮੋਗਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਭੁਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਫਿਲਹਾਲ ਆਊਟਡੋਰ ਸੇਵਾਵਾਂ ਚੱਲ ਰਹੀਆਂ ਹਨ। ਹਰ ਰੋਜ਼ ਇੱਕ ਸ਼ਿਫਟ ਦੌਰਾਨ ਲਗਭਗ 20 ਮਰੀਜ਼ ਆਪਣੀਆਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਕੋਈ ਘਾਟ ਨਹੀਂ ਹੈ ਅਤੇ ਸਰਕਾਰ ਵੱਲੋਂ ਲੋੜ ਅਨੁਸਾਰ ਦਵਾਈਆਂ ਦੀ ਸਪਲਾਈ ਕੀਤੀ ਜਾ ਰਹੀ ਹੈ। ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦੇਣ ਲਈ ਵਿਭਾਗ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।