- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਅਤੇ ਕੇਂਦਰ ਸਰਕਾਰ

ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਮੋਗਾ: ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਅਤੇ ਕਾਰੀਗਰਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਜ਼ਿਲ੍ਹਾ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਮੋਗਾ ਅਤੇ ਹੈਂਡੀਕਰਾਫਟ ਸਰਵਿਸ ਸੈਂਟਰ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਪਿੰਡ ਘੋਲੀਆ ਕਲਾਂ ਵਿਖੇ ਇਕ ਮਹੀਨੇ ਦੀ ਡਿਜ਼ਾਇਨ ਡਿਵੈੱਲਪਮੈਂਟ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ ਹੈ। ਟੈਕਸਟਾਈਲ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦੇਸ਼ ਦੇ 100 ਜ਼ਿਲ੍ਹਿਆਂ ਵਿਚ ਚੌਪਾਲ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਹੱਥੀਂ ਕੰਮ ਕਰਨ ਵਾਲੇ ਕਾਰੀਗਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਆਧੁਨਿਕ ਅਤੇ ਉੱਚ ਪੱਧਰੀ ਸਿਖਲਾਈ ਮੁਹੱਈਆ ਕਰਵਾਉਣਾ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ। ਡਿਪਟੀ ਕਮਿਸ਼ਨਰ ਮੋਗਾ ਵੱਲੋਂ ਜ਼ਿਲ੍ਹਾ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਨੂੰ ਚੌਪਾਲ ਪ੍ਰੋਗਰਾਮ ਲਈ ਜ਼ਿਲ੍ਹਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਤਹਿਤ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਅਤੇ ਹੈਂਡੀਕਰਾਫਟ ਸਰਵਿਸ ਸੈਂਟਰ, ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਚੌਪਾਲ ਪ੍ਰੋਗਰਾਮ ਕਰਵਾਏ ਗਏ ਹਨ, ਜਿਨ੍ਹਾਂ ਦੌਰਾਨ ਸਥਾਨਕ ਕਾਰੀਗਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਆਰਟੀਸਨ ਕਾਰਡ ਬਣਾਏ ਗਏ ਹਨ। ਇਸੇ ਲੜੀ ਤਹਿਤ ਪਿੰਡ ਘੋਲੀਆ ਕਲਾਂ ਵਿਖੇ ਡਿਜ਼ਾਇਨ ਡਿਵੈੱਲਪਮੈਂਟ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਇਸ ਇੱਕ ਮਹੀਨੇ ਦੀ ਵਰਕਸ਼ਾਪ ਦੌਰਾਨ ਪਿੰਡ ਦੀਆਂ 30 ਮਹਿਲਾ ਪ੍ਰਾਰਥਣਾਂ ਨੂੰ ਕਰੋਸ਼ੀਆ ਸੌਫਟ ਟੁਆਇਜ਼ ਬਣਾਉਣ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਹ ਸਿਖਲਾਈ ਪ੍ਰਸਿੱਧ ਡਿਜ਼ਾਇਨਰ ਆਸ਼ੀਸ਼ ਸ਼੍ਰੀਵਾਸਤਵ ਵੱਲੋਂ ਪ੍ਰਦਾਨ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਸਿਖਲਾਈ ਦੌਰਾਨ ਮਹਿਲਾਵਾਂ ਨੂੰ ਮੌਜੂਦਾ ਸਮੇਂ ਵਿਚ ਚੱਲ ਰਹੇ ਨਵੇਂ ਡਿਜ਼ਾਈਨਾਂ, ਉਤਪਾਦਾਂ ਨੂੰ ਆਕਰਸ਼ਕ ਬਣਾਉਣ ਦੇ ਢੰਗਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਮਾਰਕੀਟਿੰਗ ਅਤੇ ਆਪਣੇ ਤਿਆਰ ਕੀਤੇ ਉਤਪਾਦਾਂ ਨੂੰ ਬਾਜ਼ਾਰ ਤੱਕ ਪਹੁੰਚਾਉਣ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ। ਇਸ ਦਾ ਉਦੇਸ਼ ਸਥਾਨਕ ਕਾਰੀਗਰਾਂ ਨੂੰ ਆਧੁਨਿਕ ਮੰਗ ਅਨੁਸਾਰ ਹੁਨਰਮੰਦ ਬਣਾਕੇ ਉਨ੍ਹਾਂ ਲਈ ਸਵੈ-ਰੁਜ਼ਗਾਰ ਅਤੇ ਆਮਦਨ ਦੇ ਨਵੇਂ ਮੌਕੇ ਪੈਦਾ ਕਰਨਾ ਹੈ। ਇਸ ਮੌਕੇ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਕਰੀਅਰ ਕਾਊਂਸਲਰ ਬਲਰਾਜ ਸਿੰਘ ਹੈਂਡੀਕਰਾਫਟ ਸਰਵਿਸ ਸੈਂਟਰ ਦੇ ਨੁਮਾਇੰਦੇ ਕੇਸ਼ਵ, ਏਕਮਪ੍ਰੀਤ ਸਿੰਘ ਸਰਪੰਚ ਘੋਲੀਆ ਕਲਾਂ, ਸੁਕਰਿਤੀ ਮਲਿਕ, ਰਾਊਂਡ ਗਲਾਸ ਫਾਊਂਡੇਸ਼ਨ ਤੋਂ ਇਲਾਵਾ ਹੋਰ ਸਹਿਯੋਗੀ ਅਤੇ ਸਿਖਿਆਰਥਣਾਂ ਹਾਜ਼ਰ ਸਨ।