- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਅਤੇ ਸਿੰਧ ਬੈਂਕ ਵੱਲੋਂ

ਸਟਾਫ਼ ਰਿਪੋਰਟਰ ਪੰਜਾਬ ਜਾਗਰਣ ਮੋਗਾ: ਪੰਜਾਬ ਅਤੇ ਸਿੰਧ ਬੈਂਕ ਵੱਲੋਂ ਪੇਂਡੂ ਖੇਤਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਚਲਾਏ ਜਾ ਰਹੇ ਸਵੈ-ਰੁਜ਼ਗਾਰ ਸਿਖਲਾਈ ਸੰਸਥਾਨ ਆਰਸੇਟੀ ਮੋਗਾ ਤੋਂ 27 ਸਿਖਿਆਰਥੀਆਂ ਨੇ ਡੇਅਰੀ ਫਾਰਮਿੰਗ ਦੀ ਸਿਖਲਾਈ ਸਫ਼ਲਤਾਪੂਰਵਕ ਮੁਕੰਮਲ ਕਰਕੇ ਆਪਣੇ ਲਈ ਸਵੈ-ਰੁਜ਼ਗਾਰ ਦਾ ਰਾਹ ਚੁਣਿਆ ਹੈ। ਆਰਸੇਟੀ ਮੋਗਾ ਵਿਖੇ ਕਰਵਾਏ ਗਏ ਸਰਟੀਫਿਕੇਟ ਵੰਡ ਸਮਾਗਮ ਦੌਰਾਨ ਕੋਰਸ ਦੇ 27 ਭਾਗੀਦਾਰਾਂ ਨੂੰ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ। ਸਮਾਗਮ ਦੇ ਮੁੱਖ ਮਹਿਮਾਨ ਸੰਤ ਬਾਬਾ ਗੁਰਮੀਤ ਸਿੰਘ ਗੁਰਦੁਆਰਾ ਸਾਹਿਬ ਬਾਬਾ ਸ਼ਹੀਦਾਂ, ਖੋਸਾ ਪਾਂਡੋ, ਮੋਗਾ ਨੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ ਅਤੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਅਪਣਾਉਣ ਦੇ ਲਾਭਾਂ ਬਾਰੇ ਜਾਗਰੂਕ ਕੀਤਾ। ਪੰਕਜੇਸ਼ ਕੁਮਾਰ ਗੁਪਤਾ, ਸਹਾਇਕ ਜਨਰਲ ਮੈਨੇਜਰ ਆਰਸੇਟੀ ਨੇ ਦੱਸਿਆ ਕਿ ਸਿਖਲਾਈ ਪ੍ਰਾਪਤ ਸਾਰੇ 27 ਭਾਗੀਦਾਰਾਂ ਨੇ ਡੇਅਰੀ ਫਾਰਮਿੰਗ ਨੂੰ ਆਪਣਾ ਪੇਸ਼ਾ ਚੁਣਿਆ ਹੈ। ਉਨ੍ਹਾਂ ਨੂੰ ਆਰਸੇਟੀ ਮੋਗਾ, ਪੰਜਾਬ ਅਤੇ ਸਿੰਧ ਬੈਂਕ ਵੱਲੋਂ ਆਧੁਨਿਕ ਅਤੇ ਵਿਹਾਰਕ ਤਰੀਕੇ ਨਾਲ ਸਿਖਲਾਈ ਪ੍ਰਦਾਨ ਕੀਤੀ ਗਈ ਹੈ, ਤਾਂ ਜੋ ਉਹ ਆਪਣੇ ਉੱਦਮ ਸਫ਼ਲਤਾਪੂਰਵਕ ਸ਼ੁਰੂ ਕਰਕੇ ਆਤਮ-ਨਿਰਭਰ ਬਣ ਸਕਣ। ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਦੁੱਨੇਕੇ ਵਿਖੇ ਸਥਾਪਿਤ ਆਰਸੇਟੀ ਮੋਗਾ ਨੂੰ ਜ਼ਿਲ੍ਹੇ ਦੇ ਮੁੱਖ ਬੈਂਕ ਪੰਜਾਬ ਅਤੇ ਸਿੰਧ ਬੈਂਕ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ। ਸੰਸਥਾ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ਦੇ 18 ਤੋਂ 50 ਸਾਲ ਦੀ ਉਮਰ ਵਰਗ ਦੇ ਬੇਰੁਜ਼ਗਾਰ ਨੌਜਵਾਨਾਂ, ਖਾਸ ਕਰਕੇ ਕਮਜ਼ੋਰ ਵਰਗਾਂ ਨਾਲ ਸਬੰਧਤ ਵਿਅਕਤੀਆਂ ਨੂੰ ਹੁਨਰਮੰਦ ਬਣਾ ਕੇ ਸਵੈ-ਰੁਜ਼ਗਾਰ ਦੇ ਯੋਗ ਬਣਾਉਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਰਸੇਟੀ ਮੋਗਾ ਵਿਖੇ ਲਗਭਗ ਇਕ ਏਕੜ ਵਿਚ ਫੈਲਿਆ ਕੈਂਪਸ ਹੈ, ਜਿਸ ਵਿਚ ਪ੍ਰਸ਼ਾਸਨਿਕ, ਅਕਾਦਮਿਕ, ਹੋਸਟਲ ਅਤੇ ਕੰਟੀਨ ਸਮੇਤ ਲੋੜੀਂਦੀਆਂ ਸਹੂਲਤਾਂ ਉੱਪਲਬਧ ਹਨ। ਸੰਸਥਾ ਵੱਲੋਂ ਕਰਵਾਏ ਜਾਂਦੇ ਸਿਖਲਾਈ ਪ੍ਰੋਗਰਾਮਾਂ ਦੌਰਾਨ ਸਿਖਲਾਈ, ਖਾਣਾ ਅਤੇ ਰਿਹਾਇਸ਼ ਮੁਫ਼ਤ ਪ੍ਰਦਾਨ ਕੀਤੇ ਜਾਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਔਰਤਾਂ ਦਾ ਦਰਜ਼ੀ, ਕੰਪਿਊਟਰਾਈਜ਼ਡ ਅਕਾਊਂਟਿੰਗ/ਸਹਾਇਕ ਬੁੱਕਕੀਪਰ, ਬਿਊਟੀ ਪਾਰਲਰ ਪ੍ਰਬੰਧਨ, ਸਾਫ਼ਟ ਖਿਡੌਣੇ ਬਣਾਉਣਾ ਅਤੇ ਫਾਸਟ ਫੂਡ ਸਟਾਲ ਉਦਯਮੀ ਆਦਿ ਕੋਰਸ ਵੀ ਕਰਵਾਏ ਜਾਣਗੇ। ਦਿਲਚਸਪੀ ਰੱਖਣ ਵਾਲੇ ਨੌਜਵਾਨ ਇਨ੍ਹਾਂ ਕੋਰਸਾਂ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।