- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਦੀ ਪ੍ਰਮੁੱਖ ਵਿੱਦਿਅਕ

ਵਕੀਲ ਮਹਿਰੋਂ, ਨਿੱਜੀ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ਼ ਕਾਲਜ ਆਫ਼ ਫਾਰਮੇਸੀ ਮੋਗਾ ਵਿਖੇ ਕਰਵਾਈ ਤਿੰਨ ਰੋਜ਼ਾ 22ਵੀਂ ਅੰਤਰਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਕਾਨਫ਼ਰੰਸ ਵਿਸ਼ਵ ਪੱਧਰ ’ਤੇ ਆਪਣੀ ਅਮਿੱਟ ਛਾਪ ਛੱਡਦੀ ਹੋਈ ਸ਼ਾਨਦਾਰ ਢੰਗ ਨਾਲ ਸੰਪੰਨ ਹੋ ਗਈ। ਇਸ ਮੌਕੇ ਕਾਨਫਰੰਸ ਦੇ ਅੰਤ ਵਿਚ ਇਕ ਸ਼ਾਨਦਾਰ ਸਮਾਪਤੀ ਸਮਾਰੋਹ ਕਰਵਾਇਆ ਗਿਆ। ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਡਾ. ਵੀਆਰ ਸਿਨ੍ਹਾ, ਪ੍ਰੋਫੈਸਰ, ਯੂਆਈਪੀਐੱਸ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸ਼ਿਰਕਤ ਕੀਤੀ, ਜਦਕਿ ਸਮਾਰੋਹ ਦੀ ਪ੍ਰਧਾਨਗੀ ਆਈਐੱਸਐੱਫ਼ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਪ੍ਰਸਿੱਧ ਵਿਗਿਆਨੀਆਂ ਅਤੇ ਖੋਜ ਮਾਹਿਰਾਂ ਪ੍ਰੋ. ਫ੍ਰਾਂਸਿਸਕੋ ਟਰੋਟਾ ਇਟਲੀ, ਪ੍ਰੋ. ਬੈਰੋਨਿਕ ਬੋਨੇਟ ਫਰਾਂਸ, ਪ੍ਰੋ. ਥੋਰੇਸਟੀਨ ਲੋਫਸਨ ਆਈਸਲੈਂਡ, ਪ੍ਰੋ. ਲਾਜ਼ਲੋ ਬਿਗਜੋ ਹੰਗਰੀ, ਜੁਆਨ ਮੈਨੁਅਲ ਬੇਨੀਟੋ ਸਪੇਨ, ਪ੍ਰੋ. ਰੌਬਰਟ ਕੈਵਾਲੀ ਇਟਲੀ, ਪ੍ਰੋ. ਐਂਟੋਨੀਨੋ ਮੈਗਜ਼ਾਲੀਆ ਇਟਲੀ, ਡਾ. ਐਰਿਕ ਕੋਸਟਨਰ ਅਮਰੀਕਾ, ਡਾ. ਜਿਉਸੇਪੇ ਨੋਸੀਟੋ ਇਟਲੀ, ਡਾ. ਫ੍ਰਾਂਸਕੋ ਐਸਟਰ ਫਰਾਂਸ, ਡਾ. ਮੇਹਦੀ ਇਰਾਨੀ ਈਰਾਨ, ਡਾ. ਫੈਬਰਜ਼ਿਓ ਕੈਲਡੇਰਾ ਇਟਲੀ ਅਤੇ ਡਾ. ਐਲੈਕਸ ਫੈਰੋਗੇਸੋ ਸਪੇਨ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਦੇਸ਼ੀ ਵਿਗਿਆਨੀਆਂ ਨੇ ਆਪਣੇ ਸੰਬੋਧਨ ਵਿਚ ਆਈਐੱਸਐੱਫ਼ ਕਾਲਜ ਆਫ ਫਾਰਮੇਸੀ ਅਤੇ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ 22ਵੀਂ ਅੰਤਰਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਦੇ ਸ਼ਾਨਦਾਰ ਆਯੋਜਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਵਿਗਿਆਨਕ ਪੱਖੋਂ ਬੇਹੱਦ ਉੱਚ ਪੱਧਰੀ ਹੋਣ ਦੇ ਨਾਲ-ਨਾਲ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ ਹੈ। ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਕਾਨਫਰੰਸ ਵਿਚ 15 ਦੇਸ਼ਾਂ ਅਤੇ ਭਾਰਤ ਦੇ 26 ਰਾਜਾਂ ਤੋਂ ਪ੍ਰੋਫੈਸਰਾਂ, ਵਿਗਿਆਨੀਆਂ, ਖੋਜਕਰਤਾਵਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ 150 ਤੋਂ ਵੱਧ ਮਾਹਿਰਾਂ ਨੇ ਰਿਸੋਰਸ ਪਰਸਨ ਵਜੋਂ ਆਪਣਾ ਯੋਗਦਾਨ ਪਾਇਆ। ਇਨ੍ਹਾਂ ਵਿਚ ਸਨ ਫਾਰਮਾ ਤੋਂ ਡਾ. ਵੈਭਵ ਦੂਬੇ, ਸੈਂਟਰਲ ਯੂਨੀਵਰਸਿਟੀ ਸਾਗਰ ਤੋਂ ਡਾ. ਸੰਜੇ ਜੈਨ, ਨਾਈਪਰ ਮੋਹਾਲੀ ਤੋਂ ਡਾ. ਪ੍ਰਵੀਣ ਛਿੰਦੇ ਅਤੇ ਟ੍ਰਿਪੁਤੀ ਗਰੁੱਪ, ਪਾਉਂਟਾ ਸਾਹਿਬ ਤੋਂ ਪ੍ਰਿਥਵੀ ਪਾਲ ਸਿੰਘ ਸਮੇਤ ਵੱਖ-ਵੱਖ ਉਦਯੋਗਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਇਸ ਮੌਕੇ ਯੂਨੀਵਰਸਿਟੀ ਆਫ ਟਿਊਰਿਨ, ਇਟਲੀ ਦੇ ਪ੍ਰੋ. ਫ੍ਰਾਂਸਿਸਕੋ ਟਰੋਟਾ, ਜੋ ਅੰਤਰਰਾਸ਼ਟਰੀ ਸਾਈਕਲੋਡੈਕਸਟ੍ਰਿਨ ਸੋਸਾਇਟੀ ਦੇ ਮੁਖੀ ਵਜੋਂ ਵੀ ਸ਼ਾਮਲ ਹੋਏ, ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਸਿੰਪੋਜ਼ੀਅਮ ਕਾਨਫਰੰਸਾਂ ਵਿਚੋਂ ਇਕ ਰਹੀ ਹੈ। ਇਸ ਮੌਕੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਆਈਐੱਸਐੱਫ਼ ਕਾਲਜ ਆਫ ਫਾਰਮੇਸੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੰਸਥਾ ਨੇ ਵਿਸ਼ਵ ਭਰ ਦੇ ਪ੍ਰਸਿੱਧ ਵਿਗਿਆਨੀਆਂ ਅਤੇ ਖੋਜ ਮਾਹਿਰਾਂ ਨੂੰ ਇਕ ਮੰਚ ’ਤੇ ਇਕੱਠਾ ਕਰਕੇ ਭਾਰਤ ਵਿਚ ਵਿਗਿਆਨਕ ਖੋਜ, ਨਵੀਨਤਾ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਸਮਾਰੋਹ ਦਾ ਮੰਚ ਸੰਚਾਲਨ ਆਰਗੇਨਾਈਜ਼ਿੰਗ ਸਕੱਤਰ ਡਾ. ਸਿਧਾਰਥ ਮਹੇਨ ਨੇ ਬਾਖੂਬੀ ਕੀਤਾ, ਜਦਕਿ ਸਮੂਹ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਪ੍ਰਿੰਸੀਪਲ ਡਾ. ਆਰਕੇ ਨਾਰੰਗ ਨੇ ਕੀਤਾ।