21 ਆਰਸੇਟੀ ਸਿਖਿਆਰਥੀਆਂ ਨੇ ਕਰੀਅਰ ਸ਼ੁਰੂ ਕਰਨ ਵੱਲ ਪੁੱਟਿਆ ਕਦਮ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਦੁੱਨੇਕੇ
Publish Date: Tue, 29 Sep 2026 03:39 PM (IST)
Updated Date: Wed, 30 Sep 2026 04:01 AM (IST)
ਜੂਨੀਅਰ ਬਿਊਟੀ ਪ੍ਰੈਕਟੀਸ਼ਨਰ ਕੋਰਸ ਮੁਕੰਮਲ ਕਰਨ ਵਾਲੇ ਸਿੱਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਪੰਜਾਬ ਐਂਡ ਸਿੰਧ ਬੈਂਕ ਵੱਲੋਂ ਦੁੱਨੇਕੇ ਮੋਗਾ ਵਿਖੇ ਚਲਾਏ ਜਾ ਰਹੇ ਆਰਸੇਟੀ ਮੋਗਾ ਵਿਖੇ ਜੂਨੀਅਰ ਬਿਊਟੀ ਪ੍ਰੈਕਟੀਸ਼ਨਰ ਦੇ ਸਵੈ-ਰੁਜ਼ਗਾਰ ਸਿਖਲਾਈ ਕੋਰਸ ਦੀ ਸਮਾਪਤੀ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੋਰਸ ਸਫ਼ਲਤਾਪੂਰਵਕ ਮੁਕੰਮਲ ਕਰਨ ਵਾਲੇ 21 ਸਿਖਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਸਿਖਿਆਰਥੀਆਂ ਵੱਲੋਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਆਰਸੇਟੀ ਬਾਜ਼ਾਰ ਵੀ ਲਗਾਇਆ ਗਿਆ। ਇਸ ਮੌਕੇ ਲੀਡ ਜ਼ਿਲ੍ਹਾ ਮੈਨੇਜਰ ਮੋਗਾ ਰਾਮੇਸ਼ਵਰ ਦਾਸ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਸਾਧਨ ਵਿਚ ਬਦਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਰਵਾਇਤੀ ਸਿੱਖਿਆ ਦੇ ਨਾਲ-ਨਾਲ ਕਿੱਤਾਮੁਖੀ ਹੁਨਰ ਹਾਸਲ ਕਰਨਾ ਨੌਜਵਾਨਾਂ ਲਈ ਬਿਹਤਰ ਰੁਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ। ਉਨ੍ਹਾਂ ਸਿੱਖਿਆਰਥੀਆਂ ਨੂੰ ਮਿਹਨਤ, ਲਗਨ ਅਤੇ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਸਫ਼ਲ ਉੱਦਮੀ ਬਣਨ ਲਈ ਉਤਸ਼ਾਹਿਤ ਕੀਤਾ। ਆਰਸੇਟੀ ਮੋਗਾ ਦੇ ਡਾਇਰੈਕਟਰ ਪੰਕਜੇਸ਼ ਕੁਮਾਰ ਗੁਪਤਾ, ਸਹਾਇਕ ਜਨਰਲ ਮੈਨੇਜਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਮੋਗਾ ਜ਼ਿਲ੍ਹੇ ਦੇ ਲੀਡ ਬੈਂਕ ਵਜੋਂ ਦੁੱਨੇਕੇ ਵਿਖੇ ਪੀਐੱਸਬੀ ਆਰਸੇਟੀ ਚਲਾਇਆ ਜਾ ਰਿਹਾ ਹੈ। ਸੰਸਥਾ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ਦੇ 18 ਤੋਂ 50 ਸਾਲ ਦੀ ਉਮਰ ਵਰਗ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਹੁਨਰਮੰਦ ਬਣਾਕੇ ਸਵੈ-ਰੁਜ਼ਗਾਰ ਦੇ ਯੋਗ ਬਣਾਉਣਾ ਹੈ। ਉਨ੍ਹਾਂ ਪੇਂਡੂ ਖੇਤਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮੁਫ਼ਤ ਹੁਨਰ ਸਿਖਲਾਈ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਹੁਨਰ ਹਾਸਲ ਕਰਕੇ ਆਪਣਾ ਸਵੈ-ਰੁਜ਼ਗਾਰ ਸ਼ੁਰੂ ਕਰਨ ਵੱਲ ਕਦਮ ਪੁੱਟਣ।